ਲੋਹਪੁਰਸ਼ ਜਥੇਦਾਰ ਤਲਵੰਡੀ ਦੀ ਪਤਨੀ ਮਹਿੰਦਰ ਕੌਰ ਤਲਵੰਡੀ ਦਾ ਪੀਜੀਆਈ 'ਚ ਦੇਹਾਂਤ

ਚੰਡੀਗੜ੍ਹ, 29 ਜੁਲਾਈ (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਮਰਹੂਮ ਜਥੇਦਾਰ ਲੋਹਪੁਰਸ਼ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮਹਿੰਦਰ ਕੌਰ (91) ਦਾ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਦੇਹਾਂਤ ਹੋ ਗਿਆ। ਮਾਤਾ ਜੀ ਦਾ ਸੰਸਕਾਰ ਕੱਲ 30 ਜੁਲਾਈ ਸ਼ੁੱਕਰਵਾਰ ਸ਼ਾਮ 3 ਵਜੇ ੳੁਹਨਾਂ ਦੇ ਜੱਦੀ ਪਿੰਡ ਤਲਵੰਡੀ ਰਾਏ ਕੀਤਾ ਜਾਵੇਗਾ। ਉਹ 91 ਵਰਿਆਂ ਦੇ ਸਨ। ਉਹ ਆਪਣੇ ਪਿੱਛੇ ਦੋ ਪੁੱਤਰੀਆਂ ਹਰਜੀਤ ਕੌਰ ਤਲਵੰਡੀ, ਮਨਜੀਤ ਕੌਰ ਅਤੇ ਦੋ ਪੁੱਤਰ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਛੱਡ ਗਏ ਹਨ । ਮਾਤਾ ਮਹਿੰਦਰ ਕੌਰ ਵੱਲੋਂ ਵੀ ਪੰਜਾਬੀ ਸੂਬੇ ਲਈ ਦੋ ਮਹੀਨੇ ਸਜ਼ਾ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਉਸ ਸਮੇਂ ਕਟੀ ਜਦੋਂ ਉਨ੍ਹਾਂ ਦੀ ਵੱਡੀ ਪੁੱਤਰੀ ਹਰਜੀਤ ਕੌਰ ਛੇ ਮਹੀਨਿਆਂ ਦੀ ਸੀ। ਦੂਜੇ ਪਾਸੇ ਉਨ੍ਹਾਂ ਦੇ ਪਤੀ ਜਥੇਦਾਰ ਜਗਦੇਵ ਜਥੇਦਾਰ ਤਲਵੰਡੀ ਹਿਸਾਰ ਜੇਲ੍ਹ ਵਿੱਚ ਸਨ। ਮਾਤਾ ਮਹਿੰਦਰ ਕੌਰ ਵੱਲੋਂ ਐਮਰਜੈਂਸੀ ਦੌਰਾਨ ਵੀ ਦੋ ਮਹੀਨੇ ਜੇਲ੍ਹ ਦੀ ਸਜ਼ਾ ਕੱਟੀ ਗਈ ਅਤੇ ਜਥੇਦਾਰਨੀ ਜੀ ਨੇ ਲੰਮਾ ਸਮਾਂ ਦਿੱਲੀ ਤਿਹਾੜ ਜੇਲ੍ਹ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਵੀਹ ਜੇਲ੍ਹ ਕੱਟੀ । 

ਮਾਤਾ ਮਹਿੰਦਰ ਕੌਰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਪ੍ਰਾਪਤ ਸਨ 

ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ 2014 'ਚ ਹੋਈ ਮੌਤ ਸਮੇਂ ਹੀ ਉਨ੍ਹਾਂ ਦੀ ਪਤਨੀ ਮਾਤਾ ਮਹਿੰਦਰ ਕੌਰ ਨੂੰ ਜਥੇਦਾਰ ਤਲਵੰਡੀ ਵੱਲੋਂ ਪੰਜਾਬੀ ਸੂਬੇ ਲਈ ਦਿੱਤੀਆਂ ਕੁਰਬਾਨੀਆਂ ਬਦਲੇ ਉਮਰ ਭਰ ਲਈ ਪੰਜਾਬ ਸਰਕਾਰ ਦੇ ਕੈਬਨਿਟ ਰੈਂਕ ਦਾ ਰੁਤਬਾ ਦੇ ਕੇ ਸਹੂਲਤਾਂ ਦਿੱਤੀਆਂ ਸਨ ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ਤੇ ਕੀਤਾ ਦੁੱਖ ਦਾ ਪ੍ਰਗਟਾਵਾ  

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਮੋਹਿੰਦਰ ਕੌਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਸਰਦਾਰਨੀ ਮੋਹਿੰਦਰ ਕੌਰ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਜੋ ਕਿ ਉੱਚ ਗੁਣਾਂ ਦੀ ਧਾਰਨੀ ਅਤੇ ਨੇਕ ਨੀਅਤ ਵਾਲੀ ਸਖ਼ਸ਼ੀਅਤ ਸਨ।’’ ਮੁੱਖ ਮੰਤਰੀ ਨੇ ਦੁਖੀ ਪਰਿਵਾਰ, ਸਾਕ-ਸਨੇਹੀਆਂ ਤੇ ਦੋਸਤਾਂ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।