You are here

ਲੁਧਿਆਣਾ ਵਣ ਮੰਡਲ ਦੀ 572 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ

ਹੁਣ ਜੰਗਲਾਤ ਵਲੋਂ ਵਿਕਸਤ ਹੋ ਰਹੀ ਹੈ ਇਹ ਜ਼ਮੀਨ

200 ਕਰੋੜ ਦੀ ਲਾਗਤ ਵਾਲੀ ਜ਼ਮੀਨ ਨੂੰ ਹੁਣ ਨਹੀਂ ਹੋਣ ਦਿੱਤਾ ਜਾਵੇਗਾ ਨਜ਼ਾਇਜ਼ ਕਬਜ਼ਿਆਂ ਅਧੀਨ-ਡਿਪਟੀ ਕਮਿਸ਼ਨਰ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )— 5 ਜੂਨ ਨੂੰ ਵਿਸ਼ਵ ਭਰ ਵਿੱਚ 'ਵਿਸ਼ਵ ਵਾਤਾਵਰਣ ਦਿਵਸ' ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਵਾਤਾਵਰਣ ਨੂੰ ਬਚਾਉਣ ਲਈ ਵੱਖ-ਵੱਖ ਟੀਚੇ ਮਿਥੇ ਜਾਂਦੇ ਹਨ ਅਤੇ ਇਨਾਂ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਪੱਧਰ 'ਤੇ ਅਤੇ ਜਨਤਕ ਪੱਧਰ 'ਤੇ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸ ਦਿਸ਼ਾ ਵਿੱਚ ਵਣ ਮੰਡਲ ਲੁਧਿਆਣਾ ਵੱਲੋਂ ਅਣਥੱਕ ਉਪਰਾਲੇ ਕਰਕੇ ਵਿਸ਼ੇਸ਼ ਪ੍ਰਾਪਤੀ ਕੀਤੀ ਗਈ ਹੈ, ਜਿਸ ਨਾਲ ਜ਼ਿਲਾ ਲੁਧਿਆਣਾ ਅਤੇ ਵਣ ਮੰਡਲ ਲੁਧਿਆਣਾ ਦੀ ਹਰ ਪਾਸੇ ਪ੍ਰਸੰਸ਼ਾ ਹੋ ਰਹੀ ਹੈ। ਲੁਧਿਆਣਾ ਮੰਡਲ ਅਧੀਨ ਹੁਣ ਤੱਕ 572 ਏਕੜ ਰਕਬੇ ਨੂੰ ਨਜ਼ਾਇਜ਼ ਕਬਜਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਰਕਬੇ ਦਾ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਣ ਮੰਡਲ ਵਿੱਚ ਕਾਫੀ ਲੰਬੇ ਸਮੇਂ ਤੋਂ ਭੂਮੀ ਮਾਫੀਆ ਵੱਲੋਂ ਵਣ ਵਿਭਾਗ ਦੀਆਂ ਬਹੁਤ ਸਾਰੀਆਂ ਵਡਮੁੱਲੀ ਕੀਮਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਚੱਲਿਆ ਆ ਰਿਹਾ ਸੀ। ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਵਣ ਰਕਬੇ ਨੂੰ ਨਾਜ਼ਾਇਜ ਕਬਜ਼ੇ ਤੋਂ ਮੁਕਤ ਕਰਾਉਣ ਲਈ ਕਾਫੀ ਯਤਨ ਕੀਤੇ ਗਏ ਅਤੇ 572 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਹੁਣ ਇਸ ਰਕਬੇ 'ਤੇ ਪੌਦੇ ਲਗਾਉਣ ਲਈ ਯੋਜਨਾਬੱਧ ਤਰੀਕੇ ਨਾਲ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਛੁਡਾਏ ਗਏ ਨਜਾਇਜ਼ ਕਬਜ਼ਿਆਂ ਤਹਿਤ ਮੱਤੇਵਾੜਾ ਰੇਂਜ ਵਿੱਚ ਪੈਂਦੇ ਹੈਦਰ ਨਗਰ ਜੰਗਲ ਵਿੱਚ 175 ਏਕੜ, ਹਾਦੀਵਾਲ ਜੰਗਲ ਵਿੱਚ 79 ਏਕੜ, ਗੌਪਾਲਪੁਰ ਬੁਲੰਦੇਵਾਲ ਜੰਗਲ ਵਿੱਚ 19 ਏਕੜ ਅਤੇ ਸਲੇਮੁਪਰ ਜੰਗਲ ਵਿੱਚ 2 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ। ਇਸੇ ਤਰਾਂ ਜਗਰਾਓਂ ਰੇਂਜ ਵਿੱਚ ਪੈਂਦੇ ਕੋਟ ਉਮਰਾ ਜੰਗਲ ਵਿੱਚ 147 ਏਕੜ, ਗੋਰਸੀਆਂ ਖਾਨ ਮੁਹੰਮਦ ਜੰਗਲ ਵਿੱਚ 80 ਏਕੜ ਅਤੇ ਸਮਰਾਲਾ ਰੇਂਜ ਵਿੱਚ ਪੈਂਦੇ ਰੋੜ ਮਾਜਰੀ ਜੰਗਲ ਵਿੱਚ 70 ਏਕੜ ਵਿੱਚੋਂ ਨਜਾਇਜ਼ ਕਬਜ਼ੇ ਉਠਾਏ ਗਏ ਹਨ। ਅਗਰਵਾਲ ਨੇ ਦੱਸਿਆ ਕਿ ਕਰੀਬ 200 ਕਰੋੜ ਰੁਪਏ ਦੀ ਕੀਮਤ ਵਾਲੇ ਇਨਾਂ ਰਕਬਿਆਂ ਨੂੰ ਮੁੜ ਨਜਾਇਜ ਕਬਜ਼ਿਆਂ ਤੋਂ ਬਚਾਉਣ ਲਈ ਠੋਸ ਉਪਰਾਲੇ ਕੀਤੇ ਗਏ ਹਨ। ਹੁਣ ਇਸ ਰਕਬੇ ਨੂੰ ਨਜਾਇਜ਼ ਕਬਜ਼ੇ ਅਧੀਨ ਨਹੀਂ ਆਉਣ ਦਿੱਤਾ ਜਾਵੇਗਾ। ਇਥੇ ਕੀਤੀ ਗਈ ਪਲਾਂਟੇਸ਼ਨ ਦੀ ਸੰਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਪੰਜਾਬ ਦੇ ਜੰਗਲਾਤ ਮੰਤਰੀ  ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਣ ਵਿਭਾਗ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਦਿੰਦਿਆਂ ਜੰਗਲਾਤ ਮੰਤਰੀ  ਸਾਧੂ ਸਿੰਘ ਧਰਮਸੋਤ ਨੇ ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ ਲੁਧਿਆਣਾ, ਪ੍ਰਿਤਪਾਲ ਸਿੰਘ, ਰੇਂਜ ਅਫਸਰ, ਮੱਤੇਵਾੜਾ, ਮੋਹਣ ਸਿੰਘ ਰੇਂਜ ਅਫਸਰ, ਜਗਰਾਓਂ ਨੂੰ ਸਾਲ 2018 ਵਿੱਚ ਵਣ ਮਹਾਂਉਤਸਵ ਸਬੰਧੀ ਰਾਜ ਪੱਧਰੀ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ। ਇਸ ਮੌਕੇ ਅਗਰਵਾਲ ਦੇ ਨਾਲ ਗਲਾਡਾ ਦੇ ਮੁੱਖ ਪ੍ਰਸਾਸ਼ਕ  ਪਰਮਿੰਦਰ ਸਿੰਘ ਗਿੱਲ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ)  ਅਮਰਜੀਤ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਕਰਮਚਾਰੀ ਹਾਜ਼ਰ ਸਨ।