ਡਾ ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਪਿੰਡ ਮਹਿਲ ਖੁਰਦ ਵਿਖੇ ਫੂਕਿਆ ਗਿਆ ਕੇਂਦਰ ਸਰਕਾਰ ਦਾ ਪੁਤਲਾ

ਵਿਸੇਸ਼ ਤੌਰ ਤੇ ਪਹੁੰਚੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ....

ਮਹਿਲ ਕਲਾਂ/ਬਰਨਾਲਾ-ਮਈ 2021-  -(ਗੁਰਸੇਵਕ ਸਿੰਘ ਸੋਹੀ )-

ਪਿੰਡ ਮਹਿਲ ਖੁਰਦ ਵਿਖੇ ਡਾ ਅਮਰਜੀਤ ਸਿੰਘ ਕੁੱਕੂ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ।ਮਰਦਾਂ ਅਤੇ ਔਰਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਤੌਰ ਤੇ ਪਹੁੰਚੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ( ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੁਮਲਿਆਂ ਵਾਲੇ ਗੁਮਰਾਹਕੁਨ ਪ੍ਰਚਾਰ ਨਾਲ ਰਾਤ ਨੂੰ ਦਿਨ ਬਣਾਉਣ ਦਾ ਯਤਨ ਕਰਦੀ ਰਹਿੰਦੀ ਹੈ। ਨਵੇਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਰਾਹੀਂ ਸਰਕਾਰ ਅਸਲ ਚ ਪਹਿਲਾਂ ਤੋਂ ਮੌਜੂਦ ਸਰਕਾਰੀ ਖੇਤੀ ਮੰਡੀਆਂ ਦੇ ਮੁਕਾਬਲੇ ਚ ਪ੍ਰਾਈਵੇਟ ਪਲੇਅਰਾ ਨੂੰ ਲਿਆਉਣਾ ਚਾਹੁੰਦੀ ਹੈ। ਇਸਦਾ ਅਰਥ ਇਹ ਹੋਇਆ ਕਿ ਸਰਕਾਰ ਇੱਕ ਦੇਸ਼, ਦੋ ਮੰਡੀਆਂ ' ਬਣਾਉਣ ਜਾਂ ਰਹੀ ਹੈ ਪ੍ਰੰਤੂ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਕ ਦੇਸ਼ ਇਕ ਮੰਡੀ ਬਣਾਈ ਜਾ ਰਹੀ ਹੈ। ਇਹ ਸਾਰਾ ਕੁਝ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਤਹਿਤ ਕਰ ਰਹੀ ਹੈ ਤਾਂ ਕਿ ਪੂੰਜੀਵਾਦ ਸਿਸਟਮ ਨੂੰ ਪੂਰਨ ਰੂਪ ਵਿਚ ਖੇਤੀਬਾੜੀ ਤੇ ਵੀ ਲਾਗੂ ਕੀਤਾ ਜਾ ਸਕੇ  ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਨੀਤੀ ਤਹਿਤ ਭਾਰਤ ਸਰਕਾਰ ਹੌਲੀ ਹੌਲੀ ਖੇਤੀ ਖੇਤਰ ਦੀਆਂ ਸਬਸਿਡੀਆਂ ਨੂੰ ਵੀ ਖ਼ਤਮ ਕਰਨ ਵੱਲ ਵੱਧ ਰਹੀ ਹੈ ਇਹ ਸਾਰਾ ਵਰਤਾਰਾ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੀ ਵੀ ਉਲੰਘਣਾ ਕਰਦਾ ਹੈ ਕਿਉਂਕਿ ਪ੍ਰਸਤਾਵਨਾ ਵਿਚ ਦਰਜ ਹੈ ਕਿ ਭਾਰਤ ਦਾ ਝੁਕਾਅ ਸਮਾਜਵਾਦੀ ਸਿਸਟਮ ਵੱਲ ਨੂੰ ਰਹੇਗਾ। ਕੇਂਦਰ ਸਰਕਾਰ ਇਹ ਭੁੱਲ ਰਹੀ ਹੈ ਕਿ ਭੂਤਕਾਲ ਦੀ ਤਰ੍ਹਾਂ ਭੱਵਿਖ ਚ ਵੀ ਭਾਰਤ ਨੂੰ ਅਨਾਜ ਮੰਗਣ ਵਾਲੀ ਭਿਆਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਨਾ ਕੇਵਲ ਕਿਸਾਨਾਂ ਨੂੰ ਪ੍ਰਭਾਵਿਤ ਕਰੇਗਾ ਸਗੋਂ ਇਸਦਾ ਸੇਕ ਦੇਸ਼ ਦੇ ਹਰ ਘਰ ਦੇ ਚੁੱਲ੍ਹੇ ਤੇ ਪਵੇਗਾ ਕਿਉਂਕਿ ਜਮਾਂਖੋਰੀ ਵੱਧਣ ਨਾਲ ਅਨਾਜ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਣਗੀਆਂ ਅਤੇ ਇਸ ਕਾਨੂੰਨ ਵਿੱਚ ਇਹ ਵੀ ਦਰਜ ਹੈ ਕਿ ਸਰਕਾਰ ਨੂੰ ਜੇਕਰ ਕਿਸੇ ਵਿਸ਼ੇਸ਼ ਹਾਲਤਾਂ ਵਿੱਚ ਜਮਾਂਖੋਰੀ ਨੂੰ ਰੋਕਣ ਲਈ ਛਾਪਾ ਵੀ ਮਾਰਨਾ ਪੈਂਦਾ ਹੈ ਤਾਂ ਉਹ ਇਸ ਗੱਲ ਦਾ ਖਿਆਲ ਰੱਖਣਗੇ ਕਿ ਇਸ ਨਾਲ ਵਪਾਰੀ ਦਾ ਕੋਈ ਸਮਝੌਤਾ ਪ੍ਰਭਾਵਿਤ ਨਾ ਹੋਵੇ। ਜਿਸਦਾ ਅਰਥ ਸਪੱਸ਼ਟ ਹੈ ਕਿ ਭਾਰਤ ਸਰਕਾਰ ਨੇ ਇਹ ਕਾਨੂੰਨ ਕਾਰਪੋਰੇਟ ਜਗਤ ਦੇ ਹੀ ਨਜ਼ਰੀਏ ਤੋਂ ਬਣਾਏ ਹਨ। ਇਸਦੇ ਵਿਰੋਧ ਵਿਚ ਅੱਜ ਪੂਰੇ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਵੀ ਸਮੂਹ ਵਰਗਾਂ ਦੇ ਲੋਕਾਂ ਵੱਲੋਂ ਕਾਲਾ ਦਿਵਸ ਮਨਾਉਂਦਿਆਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ ਅਮਰਜੀਤ ਸਿੰਘ ਕੁੱਕੂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਪਣੇ ਕਿਸਾਨਾਂ ਮਜ਼ਦੂਰਾਂ ਨਾਲ ਮੋਢੇ  ਨਾਲ ਮੋਢਾ ਲਾ ਕੇ ਖੜ੍ਹੀ ਹੈ। ਉਨ੍ਹਾਂ ਨੇ  ਸਰਕਾਰ ਵੱਲੋਂ ਜ਼ਬਰਦਸਤੀ ਪਿੰਡਾਂ ਵਿੱਚ ਲਗਾਏ ਠੀਕਰੀ ਪਹਿਰੇ ਦਾ ਵੀ ਵਿਰੋਧ ਕੀਤਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ, ਡਾ ਬਲਦੇਵ ਸਿੰਘ ਧਨੇਰ, ਡਾ ਦੀਪ ਕੁਮਾਰ ਮਹਿਲ ਖੁਰਦ ,ਗੁਰਦੇਵ ਸਿੰਘ, ਨੱਥਾ ਸਿੰਘ ,ਕਰਨੈਲ ਸਿੰਘ, ਚਮਕੌਰ ਸਿੰਘ ਅਵਤਾਰ ਸਿੰਘ, ਰੁਲਦੂ ਸਿੰਘ ,ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਸ਼ਾਮਲ ਸਨ ।