ਕੋਟਕਪੂਰਾ ਗੋਲੀ ਕਾਂਡ ਚ ਉਮਰਾਨੰਗਲ, ਚਰਨਜੀਤ ਸ਼ਰਮਾ ਤੇ ਮਨਤਾਰ ਖ਼ਿਲਾਫ਼ ਚਲਾਨ ਪੇਸ਼

ਫ਼ਰੀਦਕੋਟ,ਮਈ 2019 ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਦੀ ਟੀਮ ਵਿੱਚ ਵਾਪਸੀ ਤੋਂ ਕੁਝ ਘੰਟਿਆਂ ਬਾਅਦ ਹੀ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਏਡੀਸੀਪੀ ਪਰਮਜੀਤ ਸਿੰਘ ਪੰਨੂੰ,ਡੀਐੱਸਪੀ ਬਲਜੀਤ ਸਿੰਘ, ਐਸਐਚਓ ਗੁਰਦੀਪ ਸਿੰਘ ਪੰਧੇਰ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਚਲਾਨ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 6 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ।
ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਨੇ ਇਸ ਮਾਮਲੇ ਵਿੱਚ ਆਈ.ਜੀ. ਉਮਰਾਨੰਗਲ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਜਦੋਂ ਕਿ ਚਰਨਜੀਤ ਸ਼ਰਮਾ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ 6 ਜੂਨ ਨੂੰ ਸਾਬਕਾ ਐੱਸ.ਐੱਸ.ਪੀ ਸ਼ਰਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਨੇ ਕੋਟਕਪੂਰਾ ਚੌਕ ਵਿੱਚ ਸ਼ਾਂਤਮਈ ਰੋਸ ਧਰਨਾ ਦਿੱਤਾ ਸੀ। 13 ਅਕਤੂਬਰ 2015 ਦੀ ਰਾਤ ਨੂੰ ਪੁਲੀਸ ਨੇ ਧਰਨਾ ਦੇ ਰਹੀ ਸੰਗਤ ਉੱਪਰ ਲਾਠੀਚਾਰਜ ਕਰ ਦਿੱਤਾ ਸੀ, ਜਿਸ ਵਿੱਚ ਸੌ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਅਗਸਤ 2018 ਵਿੱਚ ਇਸ ਮਾਮਲੇ ਦੀ ਪੜਤਾਲ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪ ਦਿੱਤੀ ਸੀ। ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਦੌਰਾਨ ਆਈ.ਜੀ. ਉਮਰਾਨੰਗਲ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੂੰ ਇਸ ਮਾਮਲੇ ਵਿੱਚ ਦੋਸ਼ੀ ਨਾਮਜ਼ਦ ਕਰ ਲਿਆ ਸੀ। ਜਾਂਚ ਟੀਮ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਦੀ ਅਜੇ ਜਾਂਚ ਚੱਲ ਰਹੀ ਹੈ ਅਤੇ ਭਵਿੱਖ ਵਿੱਚ ਹੋਰ ਮੁਲਜ਼ਮਾਂ ਖ਼ਿਲਾਫ਼ ਵੀ ਦੋਸ਼ ਪੱਤਰ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ। ਮਨਤਾਰ ਸਿੰਘ ਬਰਾੜ ਦੀ ਗ੍ਰਿਫ਼ਤਾਰੀ ਉੱਪਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾਈ ਹੋਈ ਹੈ।