ਸਾਂਝਾ ਕਿਸਾਨ ਮੋਰਚਾ:ਮਹਿਲ ਕਲਾਂ  ਸਰਕਾਰਾਂ ਲੌਕਡਾਊਨ 'ਤੇ ਨਿਰਭਰਤਾ ਛੱਡਣ; ਸਿਹਤ ਸਹੂਲਤਾਂ ਨੂੰ ਪੁਖਤਾ ਕਰਨ - ਕਿਸਾਨ ਆਗੂ

ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-

ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਟੋਲ ਟੈਕਸ ਮਹਿਲ ਕਲਾਂ ਤੇ ਲਾਏ ਧਰਨੇ ਦਾ ਰੋਹ ਤੇ ਉਤਸ਼ਾਹ ਅੱਜ 222 ਵੇਂ ਦਿਨ ਵੀ ਬਰਕਰਾਰ ਰਿਹਾ। ਅੱਜ ਧਰਨੇ ਵਿੱਚ ਮੋਰਚੇ ਵੱਲੋਂ 12 ਤਰੀਕ ਨੂੰ ਦਿੱਲੀ ਵੱਲ ਵਹੀਰਾਂ ਘੱਤਣ ਵਾਲੇ ਸੱਦੇ ਦਾ ਮੁੱਦਾ ਭਾਰੂ ਰਿਹਾ। ਅੱਜ ਧਰਨੇ ਨੂੰ ਮਲਕੀਤ ਸਿੰਘ ਈਨਾ ਮਹਿਲ ਕਲਾਂ ,ਜਗਰਾਜ ਸਿੰਘ ਹਰਦਾਸਪੁਰਾ, ਮਾਸਟਰ ਗੁਰਮੇਲ ਸਿੰਘ ਠੁੱਲੀਵਾਲ, ਮਾਸਟਰ ਸੋਹਣ ਸਿੰਘ ਮਹਿਲ ਕਲਾਂ,ਅਜਮੇਰ ਸਿੰਘ ,ਪਸ਼ੌਰਾ ਸਿੰਘ ਹਮੀਦੀ, ਜਥੇਦਾਰ ਸੁਰਜੀਤ ਸਿੰਘ ਬਾਪਲਾ, ਭਿੰਦਰ ਸਿੰਘ ਮੂਮ, ਗੁਰਦੇਵ ਸਿੰਘ ਖਾਲਸਾ, ਮਨਜੀਤ ਕੌਰ, ਜਸਵੰਤ ਕੌਰ ਮਹਿਲ ਕਲਾਂ , ਜਸਵਿੰਦਰ ਕੌਰ ਕਲਾਲਮਾਜਰਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਸਮੱਸਿਆ ਨੂੰ ਵਿਗਿਆਨਕ ਢੰਗ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਕਰੋਨਾ ਨੂੰ ਸਿਆਸੀ ਮੰਤਵਾਂ ਲਈ ਵਰਤਣ ਦੇ ਚੱਕਰ ਵਿੱਚ ਸਮੱਸਿਆ ਨੂੰ  ਗੰਭੀਰ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਸਰਕਾਰ ਆਕਸੀਜਨ, ਵੈਕਸ਼ੀਨ, ਵੈਂਟੀਲੇਟਰ, ਦਵਾਈਆਂ, ਮੈਡੀਕਲ ਸਟਾਫ ਤੇ ਹੋਰ ਸਬੰਧਤ ਸਹੂਲਤਾਂ ਦੀ ਪੂਰਤੀ ਪੱਖੋਂ ਹੀ ਨਾਕਾਮ ਨਹੀਂ ਹੋਈ ਸਗੋਂ ਬਿਮਾਰੀ ਦੀ ਸਹੀ ਜਾਣਕਾਰੀ ਦੇਣ ਪੱਖੋਂ ਵੀ ਫੇਲ੍ਹ ਹੋਈ ਹੈ। ਲੋਕਾਂ ਨੂੰ  ਬਿਮਾਰੀ ਸਬੰਧੀ ਵਿਗਿਆਨਕ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਸਰਕਾਰਾਂ ਦਾ ਪੂਰਾ ਜ਼ੋਰ ਸਿਰਫ਼ ਲੌਕਡਾਊਨ ਲਾ ਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰਨ 'ਤੇ ਲੱਗਿਆ ਹੋਇਆ ਹੈ, ਉਨ੍ਹਾਂ ਦੀ ਰੋਜ਼ੀ ਰੋਟੀ ਖਤਮ ਹੋਣ ਦੀ ਕੋਈ ਫਿਕਰ ਨਹੀਂ ਕੀਤੀ ਜਾ ਰਹੀ।
  ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ 12 ਮਈ ਨੂੰ ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਮੋਰਚਿਆਂ ਵੱਲ ਵਹੀਰਾਂ ਘੱਤਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਪਹੁੰਚਣ ਦੇ ਇਸ ਸੱਦੇ ਨੂੰ ਭਰਪੂਰ ਹੁੰਗਾਰਾ ਦੇਣ ਦੀ ਅਪੀਲ ਕੀਤੀ।