-ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਕੀਤੀ ਮੀਟਿੰਗ, ਵੈਕਸੀਨੇਸ਼ਨ ਕੈਂਪਾਂ ਤੇ ਮਾਈਕਰੋ ਕੰਟੇਨਮੈਂਟ ਜੋਨ ਦਾ ਕੀਤਾ ਦੌਰਾ
ਲੁਧਿਆਣਾ, ਅਪ੍ਰੈਲ 2021 (ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ ) -
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕੋਵਿਡ-19 ਮਹਾਂਮਾਰੀ ਵਿੱਚ ਲਗਾਤਾਰ ਵਾਧੇ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਲਈ ਦੋ ਮੈਂਬਰੀ ਕੇਂਦਰੀ ਟੀਮ ਨਿਯੁਕਤ ਕੀਤੀ ਗਈ ਹੈ। ਕੇਂਦਰੀ ਟੀਮ ਵੱਲੋਂ ਕੋਵਿਡ ਪ੍ਰਬੰਧਨ ਅਤੇ ਲੁਧਿਆਣਾ ਵਿੱਚ ਟੀਕਾਕਰਨ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ 'ਤੇ ਪੂਰਨ ਤਸੱਲੀ ਪ੍ਰਗਟਾਈ ਹੈ।
ਟੀਮ ਵੱਲੋ ਸਥਾਨਕ ਬਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਕੀਤੀ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਅਤੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ) ਵਿੱਚ ਲਗਾਏ ਗਏ ਦੋ ਕੈਂਪਾਂ ਦਾ ਦੌਰਾ ਕਰਕੇ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਪਾਬੰਦੀਆਂ ਦਾ ਜਾਇਜ਼ਾ ਲੈਣ ਲਈ ਇੱਕ ਮਾਈਕਰੋ ਕੰਟੇਨਮੈਂਟ ਜ਼ੋਨ ਦਾ ਵੀ ਦੌਰਾ ਕੀਤਾ।
ਇਸ ਤੋਂ ਪਹਿਲਾਂ, ਡਿਪਟੀ ਡਾਇਰੈਕਟਰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨ.ਸੀ.ਡੀ.ਸੀ) ਡਾ. ਅਨੁਭਵ ਸ੍ਰੀਵਾਸਤਵ ਅਤੇ ਆਰ.ਐਮ.ਐਲ. ਹਸਪਤਾਲ ਦੇ ਡਾ. ਕਵਿਤਾ ਚੌਧਰੀ ਦੀ ਟੀਮ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨਾਲ ਮੀਟਿੰਗ ਕੀਤੀ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਅਤ ਹੋਰ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਕੋਵਿਡ-19 ਮਾਮਲਿਆਂ ਦੀ ਮੌਜੂਦਾ ਸਥਿਤੀ ਬਾਰੇ ਇੱਕ ਛੋਟੀ ਜਿਹੀ ਪੇਸ਼ਕਾਰੀ ਵੀ ਦਿੱਤੀ ਗਈ ਜਿਸ ਵਿੱਚ ਕੋਵਿਡ ਦੇ ਵਧ ਰਹੇ ਮਾਮਲਿਆਂ ਨੂੰ ਰੋਕਣ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕਰਨਾ ਸ਼ਾਮਲ ਹੈ।
ਬਾਅਦ ਵਿੱਚ, ਟੀਮ ਸਿਵਲ ਹਸਪਤਾਲ ਅਤੇ ਯੂ.ਸੀ.ਪੀ.ਐਮ.ਏ. ਵਿੱਚ ਲਗਾਏ ਟੀਕਾਕਰਨ ਕੈਂਪਾਂ ਵਿੱਚ ਗਈ ਅਤੇ ਮਾਡਲ ਗ੍ਰਾਮ ਵਿਖੇ ਸਥਾਪਤ ਮਾਈਕਰੋ-ਕੰਟੇਨਮੈਂਟ ਜ਼ੋਨ ਦਾ ਨਿਰੀਖਣ ਕੀਤਾ। ਟੀਮ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਵਿੱਚ ਆਈ.ਡੀ.ਐਸ.ਪੀ. ਲੈਬ ਦਾ ਨਿਰੀਖਣ ਵੀ ਕੀਤਾ ਅਤੇ ਉਥੋਂ ਦੇ ਸਟਾਫ਼ ਨਾਲ ਗੱਲਬਾਤ ਕੀਤੀ।