ਭਾਰਤ ਦੀ ਜਨਤਾ ਪਿਛਲੇ 73 ਸਾਲ ਤੋਂ   ਗਰੀਬੀ,ਅਨਪੜ੍ਹਤਾ,ਅੰਧ-ਵਿਸ਼ਵਾਸਾਂ ਤੇ ਬੇਰੁਜ਼ਗਾਰੀ ਦੇ ਟੋਏ ਵਿੱਚ ਡਿੱਗੀ ਪਈ ਹੈ - ਕਿਸਾਨ ਆਗੂ 

ਮਹਿਲ ਕਲਾਂ/ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਟੋਲ ਪਲਾਜਾ 'ਤੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਅੱਜ 169ਵਾਂ ਦਿਨ ਵੀ ਜਾਰੀ ਰਿਹਾ। ਅੱਜ ਅਜਾਦ ਰੰਗ ਮੰਚ ਰਣਜੀਤ-ਰੇਸ਼ਮ ਭੋਤਨਾ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਦੀ ਜਿੰਦਗੀ ਤੇ ਅਧਾਰਿਤ ਨਾਟਕ "ਮੈਂ ਫ਼ੇਰ ਆਵਾਂਗਾ" ਬਹੁਤ ਖੂਬਸੂਰਤ ਅੰਦਾਜ ਵਿੱਚ ਪੇਸ਼ ਕੀਤਾ। ਭਾਰਤ ਦੀ ਜਨਤਾ ਪਿਛਲੇ 73 ਸਾਲ ਤੋਂ ਗਰੀਬੀ,ਅਨਪੜ੍ਹਤਾ,ਅੰਧ-ਵਿਸ਼ਵਾਸਾਂ ਤੇ  ਬੇਰੁਜ਼ਗਾਰੀ ਦੇ ਟੋਏ ਵਿੱਚ ਡਿੱਗੀ ਪਈ ਹੈ ਪਰ ਸਰਕਾਰਾਂ,ਰਾਜਸੀ ਪਾਰਟੀਆਂ, ਧਾਰਮਿਕ ਆਗੂਆਂ ਤੇ ਪ੍ਰਸ਼ਾਸਨ 'ਚੋਂ ਕੋਈ ਵੀ ਬਾਂਹ ਫੜ ਕੇ ਜਨਤਾ ਨੂੰ ਇਸ ਨਰਕੀ ਟੋਏ ਚੋਂ ਕੱਢਣ ਲਈ ਤਿਆਰ ਨਹੀਂ। ਆਮ ਲੋਕਾਂ ਦੀ ਜਿੰਦਗੀ ਦਿਨ ਬਦਿਨ ਬਦ ਤੋਂ ਬਦਤਰ ਹੋ ਰਹੀ ਹੈ। ਜਹਾਲਤ ਤੇ ਗਰੀਬੀ ਦੇ ਇਸ ਟੋਏ 'ਚੋਂ ਅਸੀਂ ਲੋਕ ਏਕਤਾ ਦੇ ਸਹਾਰੇ ਹੀ ਬਾਹਰ ਨਿਕਲ ਸਕਦੇ ਹਾਂ। ਅੱਜ ਦੇ ਧਰਨੇ ਨੂੰ ਮਲਕੀਤ ਸਿੰਘ, ਗੁਰਮੇਲ ਠੁੱਲੀਵਾਲ, ਨਰਾਇਣ ਦੱਤ,ਪਿਸ਼ੌਰਾ ਸਿੰਘ,ਸੋਹਣ ਸਿੰਘ, ਦਰਸ਼ਨ ਸਿੰਘ ਫੌਜੀ, ਭਿੰਦਰ ਸਿੰਘ ਮੂੰਹ, ਬਲਜੀਤ ਸਿੰਘ ਮਹਿਲ ਕਲਾਂ, ਸੁਖਦੇਵ ਸਿੰਘ ਕੁਰੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ  ਕਥਿਤ ਆਜਾਦੀ ਤੋਂ ਬਾਅਦ ਭਾਰਤ ਵਿੱਚ ਪਹਿਲੀ ਵਾਰ ਮਾਰਸ਼ਲ ਲਾਅ 19 ਮਾਰਚ 1949 ਨੂੰ  ਇੱਕ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਲਾਇਆ ਗਿਆ ਸੀ। ਇਹ ਅੰਦੋਲਨ ਪੈਪਸੂ ਦੀ ਮੁਜਾਹਰਾ ਲਹਿਰ ਵੱਲੋਂ ਜਾਗੀਰਦਾਰਾਂ ਤੋਂ ਜਮੀਨ ਦੀ ਮਾਲਕੀ ਦੇ ਹੱਕ ਹਾਸਲ ਕਰਨ ਲਈ ਲੜਿਆ ਅਤੇ ਜਿਤਿਆ ਗਿਆ ਸੀ। 19 ਮਾਰਚ 1949 ਨੂੰ ਬਰੇਟਾ ਨੇੜਲੇ  ਪਿੰਡ ਕਿਸ਼ਨਗੜ ਵਿੱਚ ਫੌਜੀ ਐਕਸ਼ਨ ਕਰਕੇ ਚਾਰ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੱਲ੍ਹ ਦਾ ਦਿਨ ਮੁਜਾਹਰਾ ਲਹਿਰ ਦਿਵਸ ਵਜੋਂ ਮਨਾਇਆ ਜਾਵੇਗਾ।
ਐਫਸੀਆਈ ਨੇ ਪਿਛਲੇ ਦਿਨੀਂ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਫਸਲ ਵੇਚਣ ਲਈ ਜਮੀਨ ਦੇ ਦਸਤਾਵੇਜ਼ ਪੇਸ਼ ਕਰਨੇ ਪੈਣਗੇ। ਪੰਜਾਬ ਵਿੱਚ 35 ਤੋਂ 40 ਫੀ ਸਦੀ ਜਮੀਨ ਠੇਕੇ  'ਤੇ ਲੈ ਕੇ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਕਿਸਾਨਾਂ ਕੋਲ ਜਮੀਨ ਦੇ  ਕੋਈ ਦਸਤਾਵੇਜ਼ ਨਹੀਂ ਹੁੰਦੇ। ਇਨ੍ਹਾਂ ਕਿਸਾਨਾਂ ਨੂੰ ਫਸਲ  ਵੇਚਣ ਵਿੱਚ ਬਹੁਤ ਮੁਸ਼ਕਲ ਆਵੇਗੀ। ਇਕ ਹੋਰ ਫਰਮਾਨ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕਰਨ ਬਾਰੇ ਹੈ। ਬਹੁਗਿਣਤੀ ਕਿਸਾਨ ਸਿੱਧੀ ਅਦਾਇਗੀ ਦੇ ਵਿਰੁੱਧ ਹਨ ਪਰ ਸਰਕਾਰ ਜਾਣਬੁੱਝ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ 'ਤੇ ਤੁਲੀ ਹੋਈ ਹੈ।