Kisan Andoln ਇੰਗਲੈਂਡ ਦੇ ਇੱਕ ਲੱਖ ਲੋਕਾਂ ਨੇ ਪਟੀਸ਼ਨ ’ਤੇ ਸਹੀ ਪਾਈ

ਲੰਡਨ, ਮਾਰਚ 2021-( ਗਿਆਨੀ ਅਮਰੀਕ ਸਿੰਘ ਰਾਠੌਰ, ਗਿਆਨੀ ਰਵਿੰਦਰਪਾਲ ਸਿੰਘ)-  

ਯੂ ਕੇ  ਦੇ ਪੰਜਾਬੀ ਸੰਸਦ ਮੈਂਬਰਾਂ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ ਬਾਰੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ 8 ਮਾਰਚ ਨੂੰ ਬਹਿਸ ਕੀਤੀ ਜਾਵੇਗੀ। ਕਿਸਾਨਾਂ ਦੀ ਹਮਾਇਤ ਵਿੱਚ ਤਿਆਰ ਕੀਤੀ ਗਈ ਪਟੀਸ਼ਨ ’ਤੇ ਇੰਗਲੈਂਡ ਦੇ ਇੱਕ ਲੱਖ ਤੋਂ ਵਧ ਲੋਕਾਂ ਨੇ ਦਸਤਖ਼ਤ ਕੀਤੇ ਹਨ ਤਾਂ ਜੋ ਉਸ ਨੂੰ ਉਥੋਂ ਦੀ ਪਾਰਲੀਮੈਂਟ ਦੇ ਉਪਰਲੇ ਸਦਨ ਵਿੱਚ ਪੇਸ਼ ਕੀਤਾ ਜਾ ਸਕੇ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬੀਤੇ ਦਿਨ ਟਵੀਟ ਵਿੱਚ ‘ਫਾਰਮਰ ਪ੍ਰੋਟੈਸਟ ਹੈਸ਼ਟੈਗ’ ਵਰਤ ਕੇ ਇੰਗਲੈਂਡ ਦੀ ਸੰਸਦ ਵਿੱਚ 8 ਮਾਰਚ ਨੂੰ ਉਥੋਂ ਦੇ ਸ਼ਾਮ 4.30 ਵਜੇ ਹੋਣ ਵਾਲੀ ਬਹਿਸ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, ‘‘ਅਸੀਂ ਜ਼ਿਆਦਾਤਰ ਸਮਾਂ ਆਪਣੇ ਸਥਾਨਕ ਤੇ ਕੌਮੀ ਮੁੱਦਿਆਂ ’ਤੇ ਚਰਚਾ ਕਰਨ ਨੂੰ ਦਿੰਦੇ ਹਾਂ। ਇਹ ਬਹੁਤ ਹੀ ਚੰਗੀ ਗੱਲ ਹੈ ਕਿ ਇੰਗਲੈਂਡ ਦੇ ਸੰਸਦ ਮੈਂਬਰਾਂ ਵੱਲੋਂ ਸੰਸਾਰ ਵਿੱਚ ਵਾਪਰ ਰਹੇ ਭਖਦੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਂਦੀ ਹੈ।’’ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਵੀ ਆਪਣੀ ਟਵੀਟ ਵਿੱਚ ‘ਫਾਰਮਰ ਪ੍ਰੋਟੈਸਟ ਹੈਸ਼ਟੈਗ’ ਲਾ ਕੇ ਲਿਖਿਆ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਹੁਣ ਸੰਸਾਰ ਪੱਧਰੀ ਮਾਨਤਾ ਮਿਲ ਗਈ ਹੈ। ਇੰਗਲੈਂਡ ਦੀ ਪਾਰਲੀਮੈਂਟ ਵਿੱਚ ਜਦੋਂ 8 ਮਾਰਚ ਨੂੰ ਇਸ ਸੰਵੇਦਨਸ਼ੀਲ ਮੁੱਦੇ ’ਤੇ ਬਹਿਸ ਹੋਵੇਗੀ ਤਾਂ ਸਾਰੇ ਸੰਸਾਰ ਦੀਆਂ ਨਜ਼ਰਾਂ ਇਸ ’ਤੇ ਹੋਣਗੀਆਂ।ਕੱਲ੍ਹ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਹੋਣ ਵਾਲੀ ਬਹਿਸ ਦਾ ਸਿੱਧਾ ਪ੍ਰਸਾਰਨ ਦੇਖਣ ਲਈ Jan Shakti News Punjab ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਅੱਖੀਂ ਡਿੱਠਾ ਹਾਲ  ।