ਈਵੀਐਮਜ਼ ਕੋਈ ਵਿਵਾਦ ਨਹੀ- ਮੋਦੀ

ਨਵੀਂ ਦਿੱਲੀ, ਮਈ-(   )- ਦੇਸ਼ ਵਿੱਚ ਈਵੀਐੱਮਜ਼ ਨੂੰ ਲੈ ਕੇ ਪੈਦਾ ਹੋਏ ਭਰਮ ਭੁਲੇਖਿਆਂ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਈਵੀਐੱਮਜ਼ ਸਬੰਧੀ ਵਿਰੋਧੀ ਧਿਰਾਂ ਵੱਲੋਂ ਪੈਦਾ ਕੀਤਾ ਵਿਵਾਦ ਬੇਲੋੜਾ ਹੈ। ਇਹ ਪ੍ਰਗਟਾਵਾ ਉਨ੍ਹਾਂ ਨੇ ਐੱਨਡੀਏ ਦੀ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਹੀ ਪ੍ਰਧਾਨ ਮੰਤਰੀ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣੀ ਮੁਹਿੰਮ ਨੂੰ ਤੀਰਥ ਯਾਤਰਾ ਨਾਲ ਮੇਲਦਿਆਂ ਕਿਹਾ ਕਿ ਇਹ ਚੋਣਾਂ ਹੋਰਾਂ ਨਾਲੋਂ ਵੱਖਰੀਆਂ ਸਨ ਕਿਉਂਕਿ ਇਹ ਇਕੱਲੀ ਪਾਰਟੀ ਵੱਲੋਂ ਨਹੀਂ ਬਲਕਿ ਲੋਕਾਂ ਵੱਲੋਂ ਲੜੀਆਂ ਗਈਆਂ ਹਨ। ਪ੍ਰਧਾਨ ਮੰਤਰੀ ਅੱਜ ਪਾਰਟੀ ਦੇ ਹੈੱਡਕੁਆਰਟਰ ਵਿੱਚ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸਾਰੇ ਮੰਤਰੀਆਂ ਦਾ ਉਨ੍ਹਾਂ ਦੇ ਕੰਮ ਬਦਲੇ ਧੰਨਵਾਦ ਕੀਤਾ। ਇਸ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਮੈਂ ਕਈ ਚੋਣਾਂ ਦੇਖੀਆਂ ਹਨ, ਪਰ ਇਹ ਚੋਣਾਂ ਸਿਆਸਤ ਤੋਂ ਬਹੁਤ ਅੱਗੇ ਸਨ। ਲੋਕ ਇਹ ਚੋਣਾਂ ਲੜ ਰਹੇ ਸਨ। ਮੈਂ ਵਿਧਾਨ ਸਭਾ ਚੋਣਾਂ ’ਚ ਵੀ ਪ੍ਰਚਾਰ ਕੀਤਾ ਹੈ ਅਤੇ ਪਾਰਟੀ ਲਈ ਵੱਖ ਵੱਖ ਚੋਣਾਂ ਦੌਰਾਨ ਸਿਆਸੀ ਦੌਰੇ ਵੀ ਕੀਤੇ ਹਨ। ਜਦੋਂ ਮੈਂ ਇਨ੍ਹਾਂ ਚੋਣਾਂ ਦੌਰਾਨ ਪ੍ਰਚਾਰ ਕਰ ਰਿਹਾ ਸੀ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ ਤੀਰਥ ਯਾਤਰਾ ਕਰ ਰਿਹਾ ਹੋਵਾਂ।’ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀਆਂ ਤੋਂ ਇਲਾਵਾ ਪਾਰਟੀ ਦੇ ਭਾਈਵਾਲਾਂ ਨਾਲ ਵੀ ਮੁਲਾਕਾਤ ਕੀਤੀ। ਇਹ ਮਿਲਨੀ ਸਮਾਗਮ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੱਲੋਂ ਕਰਵਾਇਆ ਗਿਆ। ਇਸ ਤੋਂ ਬਾਅਦ ਸ਼ਾਹ ਵੱਲੋਂ ਪਾਰਟੀ ਆਗੂਆਂ ਤੇ ਭਾਈਵਾਲਾਂ ਲਈ ਰਾਤਰੀ ਭੋਜ ਵੀ ਰੱਖਿਆ ਗਿਆ। ਭਾਰਤੀ ਜਨਤਾ ਪਾਰਟੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ 23 ਮਈ ਨੂੰ ਹੋਣ ਵਾਲੀ ਗਿਣਤੀ ਦੇ ਮੱਦੇਨਜ਼ਰ ਮੰਤਰੀਆਂ ਵੱਲੋਂ ਦੇਸ਼ ਲਈ ਕੀਤੀ ਸੇਵਾ ਬਦਲੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਇਹ ਮਿਲਨੀ ਸਮਾਗਮ ਕੀਤਾ ਗਿਆ ਸੀ। ਵੋਟਾਂ ਦੀ ਗਿਣਤੀ ਤੋਂ ਬਾਅਦ ਨਵੀਂ ਸਰਕਾਰ ਕਾਰਜਭਾਰ ਸੰਭਾਲੇਗੀ। ਬਾਅਦ ਵਿੱਚ ਅਮਿਤ ਸ਼ਾਹ ਨੇ ਟਵੀਟ ਕੀਤਾ, ‘ਮੈਂ ਮੋਦੀ ਸਰਕਾਰ ਦੀ ਟੀਮ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਕੀਤੀਆਂ ਪ੍ਰਾਪਤੀਆਂ ਤੇ ਸਖਤ ਮਿਹਨਤ ਲਈ ਵਧਾਈ ਦਿੰਦਾ ਹਾਂ। ਆਓ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨਵੇਂ ਭਾਰਤ ਨੂੰ ਅੱਗੇ ਵਧਾਈਏ।’ ਇਸ ਮੌਕੇ ਕੇਂਦਰੀ ਮੰਤਰੀਆਂ ’ਚੋਂ ਰਾਜਨਾਥ ਸਿੰਘ, ਨਿਤਿਨ ਗਡਕਰੀ, ਅਰੁਣ ਜੇਤਲੀ, ਜੇਪੀ ਨੱਢਾ ਅਤੇ ਪ੍ਰਕਾਸ਼ ਜਾਵੜੇਕਰ ਹਾਜ਼ਰ ਸਨ। ਭਾਜਪਾ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ’ਚੋਂ ਲੋਕ ਜਨਸ਼ਕਤੀ ਪਾਰਟੀ ਦੇ ਰਾਮ ਵਿਲਾਸ ਪਾਸਵਾਨ, ਸ਼੍ਰੋਮਣੀ ਅਕਾਲੀ ਤੋਂ ਹਰਸਿਮਰਤ ਕੌਰ ਬਾਦਲ, ਅਪਨਾ ਦਲ ਤੋਂ ਅਨੂਪ੍ਰਿਯਾ ਪਟੇਲ ਨੇ ਸ਼ਮੂਲੀਅਤ ਕੀਤੀ। ਰਾਤਰੀ ਭੋਜ ਸਮੇਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਜਨਤਾ ਦਲ (ਯੂ) ਦੇ ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਹੋਰ ਆਗੂ ਵੀ ਹਾਜ਼ਰ ਸਨ। ਚੋਣ ਸਰਵੇਖਣਾਂ ’ਚ ਬਹੁਮਤ ਮਿਲਣ ਦੀ ਸੰਭਾਵਨਾਵਾਂ ਪ੍ਰਗਟਾਈਆਂ ਜਾਣ ਮਗਰੋਂ ਭਗਵਾਂ ਪਾਰਟੀ ਨੇ ਪੂਰਾ ਭਰੋਸਾ ਜ਼ਾਹਿਰ ਕੀਤਾ ਹੈ ਚੋਣ ਨਤੀਜਿਆਂ ਤੋਂ ਬਾਅਦ ਐੱਨਡੀਏ ਦੀ ਹੀ ਸਰਕਾਰ ਬਣੇਗੀ।