ਸੰਯੁਕਤ ਕਿਸਾਨ ਮੋਰਚਾ ਨੇ ਐਤਵਾਰ ਨੂੰ ਤਿੰਨ ਪੜਾਵਾਂ ਦੀ ਰੂਪ-ਰੇਖਾ ਬਣਾਈ 

ਚਾਰ ਪ੍ਰੋਗਰਾਮਾਂ ਦਾ ਐਲਾਨ ਕੀਤਾ  

23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਸ਼ਹੀਦੀ ਦਿਵਸ 'ਤੇ ਪਗੜੀ ਸੰਭਾਲ ਦਿਵਸ ਮਨਾਇਆ ਜਾਵੇਗਾ

24 ਨੂੰ ਦਮਨ ਵਿਰੋਧੀ ਦਿਵਸ ਮਨਾਉਣਗੇ ਕਿਸਾਨ

26 ਫਰਵਰੀ ਨੂੰ ਮਨਾਇਆ ਜਾਵੇਗਾ ਨੌਜਵਾਨ ਕਿਸਾਨ ਦਿਵਸ-ਕਿਸਾਨ ਆਗੂ

 28 ਨੂੰ ਸੰਘਰਸ਼ ਤੇਜ਼ ਕਰਨ ਦਾ ਕਰਾਂਗੇ ਐਲਾਨ-ਕਿਸਾਨ ਆਗੂ

ਸਿੰਘੂ ਬਾਰਡਰ /ਦਿੱਲੀ , ਫਰਵਰੀ 2021 (ਇਕਬਾਲ   ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  

ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਤੇਜ਼ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਐਤਵਾਰ ਨੂੰ ਤਿੰਨ ਪੜਾਵਾਂ ਦੀ ਰੂਪ-ਰੇਖਾ ਬਣਾਈ ਤੇ ਚਾਰ ਪ੍ਰੋਗਰਾਮਾਂ ਦਾ ਐਲਾਨ ਕੀਤਾ। 24 ਫਰਵਰੀ ਨੂੰ ਦਮਨ ਵਿਰੋਧੀ ਦਿਵਸ ਮਨਾਇਆ ਜਾਵੇਗਾ। ਇਸ ਦਿਨ ਜ਼ਿਲ੍ਹਾ ਦਫ਼ਤਰ ਤੇ ਤਹਿਸੀਲ ਪੱਧਰ 'ਤੇ ਮੁਜ਼ਾਹਰੇ ਕਰ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ। 28 ਫਰਵਰੀ ਨੂੰ ਮੋਰਚੇ ਦੀ ਦੁਬਾਰਾ ਬੈਠਕ ਹੋਵੇਗੀ ਜਿਸ 'ਚ ਵੱਡੇ ਅੰਦੋਲਨ ਦਾ ਐਲਾਨ ਹੋਵੇਗਾ।

ਕੁੰਡਲੀ ਬੈਰੀਅਰ 'ਤੇ ਸੰਯੁਕਤ ਮੋਰਚੇ ਦੀ ਬੈਠਕ ਤੋਂ ਬਾਅਦ ਕਿਸਾਨ ਨੇਤਾ ਡਾ. ਆਸ਼ੀਸ਼ ਮਿੱਤਲ, ਯੋਗੇਂਦਰ ਯਾਦਵ, ਪ੍ਰਰੇਮ ਸਿੰਘ ਭੰਗੂ, ਇੰਦਰਜੀਤ, ਰਮਜ਼ਾਨ ਚੌਧਰੀ, ਜੋਗਿੰਦਰ ਨੈਣ, ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਚਾਰ ਨਵੇਂ ਪ੍ਰਰੋਗਰਾਮ ਤੈਅ ਕੀਤੇ ਗਏ ਹਨ। 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਸ਼ਹੀਦੀ ਦਿਵਸ 'ਤੇ ਪਗੜੀ ਸੰਭਾਲ ਦਿਵਸ ਮਨਾਇਆ ਜਾਵੇਗਾ। ਉਸ ਦਿਨ ਅੰਦੋਲਨ 'ਚ ਸ਼ਾਮਲ ਸਾਰੇ ਲੋਕ ਪੱਗਾਂ ਬੰਨ੍ਹਣਗੇ। ਅਗਲੇ ਦਿਨ 24 ਫਰਵਰੀ ਨੂੰ ਸਰਕਾਰ ਤੇ ਦਿੱਲੀ ਪੁਲਿਸ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਕਿਸਾਨ ਦਮਨ ਵਿਰੋਧੀ ਦਿਵਸ ਮਨਾਇਆ ਜਾਵੇਗਾ। ਇਸ 'ਚ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਸੰਵਿਧਾਨਿਕ ਅਧਿਕਾਰਾਂ ਦਾ ਘਾਣ ਨਾ ਕੀਤਾ ਜਾਵੇ, ਜੇਲ੍ਹ 'ਚ ਬੰਦ ਨਿਰਦੋਸ਼ ਲੋਕਾਂ ਨੂੰ ਰਿਹਾਅ ਕੀਤਾ ਜਾਵੇ, ਕੇਸ ਰੱਦ ਹੋਣ, ਨੋਟਿਸ ਜਾਰੀ ਕਰਨੇ ਬੰਦ ਕੀਤੇ ਜਾਣ ਅਤੇ ਬੈਰੀਅਰਾਂ 'ਤੇ ਕੀਤੀ ਗਈ ਘੇਰਾਬੰਦੀ ਵੀ ਹਟਾਈ ਜਾਵੇ।

ਕਿਸਾਨ ਨੇਤਾਵਾਂ ਨੇ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਲੋਕਾਂ ਦੀ ਹੋ ਰਹੀ ਗਿ੍ਫ਼ਤਾਰੀ ਨੂੰ ਪੁਲਿਸ ਵੱਲੋਂ ਲੋਕਾਂ ਨੂੰ ਅਗਵਾ ਕਰਨ ਦੀ ਕਾਰਵਾਈ ਕਰਾਰ ਦਿੱਤਾ ਤੇ ਇਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਧਰਨੇ ਵਾਲੀ ਥਾਂ 'ਤੇ ਭੀੜ ਨੂੰ ਘੱਟ ਕਰਨ ਤੇ ਲੋਕਾਂ ਦਾ ਦਮਨ ਕਰਨ ਦੀ ਰਣਨੀਤੀ ਹੈ। 26 ਫਰਵਰੀ ਨੂੰ ਯੁਵਾ ਕਿਸਾਨ ਦਿਵਸ ਦੇ ਦਿਨ ਅੰਦੋਲਨ ਦੀ ਕਮਾਨ ਨੌਜਵਾਨਾਂ ਦੇ ਹੱਥਾਂ 'ਚ ਹੋਵੇਗੀ। ਇਕ ਸਵਾਲ ਦੇ ਜਵਾਬ 'ਚ ਕਿਸਾਨ ਨੇਤਾਵਾਂ ਨੇ ਕਿਹਾ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਨਾਲ ਪਹਿਲਾਂ ਵੀ ਜਥੇਬੰਦੀਆਂ ਦਾ ਕੋਈ ਵਾਸਤਾ ਨਹੀਂ ਸੀ ਤੇ ਇਸ ਵਾਰ ਵੀ ਨਹੀਂ ਹੈ। 27 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਤੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ 'ਤੇ ਮਜ਼ਦੂਰ-ਕਿਸਾਨ ਏਕਤਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। 28 ਫਰਵਰੀ ਤੋਂ ਅੰਦੋਲਨ ਦੇ ਤੀਸਰੇ ਪੜਾਅ ਦਾ ਆਗਾਜ਼ ਕੀਤਾ ਜਾਵੇਗਾ ਤੇ ਇਸ ਦਿਨ ਬੈਠਕ ਤੋਂ ਬਾਅਦ ਵੱਡੇ ਅੰਦੋਲਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਨੇਤਾਵਾਂ ਨੇ ਦੁਹਰਾਇਆ ਕਿ ਪੰਜਾਬ ਤੇ ਹਰਿਆਣਾ 'ਚ ਮਹਾ ਪੰਚਾਇਤ ਦਾ ਕੋਈ ਮਤਲਬ ਨਹੀਂ ਹੈ।

ਗੱਲਬਾਤ ਦਾ ਸੱਦਾ ਸਰਕਾਰ ਹੀ ਦੇਵੇਗੀ

ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਤੋਂ ਸੱਦਾ ਆਉਣ 'ਤੇ ਗੱਲਬਾਤ ਦੇ ਰਸਤੇ ਖੁੱਲ੍ਹੇ ਹਨ। ਜਿੱਥੋਂ ਤਕ ਸੱਦਾ ਭੇਜਣ ਦਾ ਸਵਾਲ ਹੈ ਤਾਂ ਕਿਸਾਨ ਸੱਦਾ ਨਹੀਂ ਭੇਜ ਸਕਦੇ ਬਲਕਿ ਜੋ ਕੁਰਸੀ 'ਤੇ ਬੈਠਾ ਹੁੰਦਾ, ਸੱਦਾ ਭੇਜਣਾ ਉਨ੍ਹਾਂ ਦਾ ਕੰਮ ਹੈ। ਗੱਲਬਾਤ ਦਾ ਸੱਦਾ ਸਰਕਾਰ ਹੀ ਦੇਵੇਗੀ। ਸਰਕਾਰ ਭਰਮ ਕੱਢ ਦੇਵੇ ਕਿਉਂਕਿ ਕਿਸਾਨ ਹੱਕ ਲੈ ਕੇ ਹੀ ਵਾਪਸ ਜਾਣਗੇ।

ਕੈਪਟਨ ਦੇ ਬਿਆਨ 'ਤੇ ਕੀਤਾ ਸਵਾਲ 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਤੀ ਕਾਨੂੰਨਾਂ ਨੂੰ ਦੋ ਸਾਲ ਤਕ ਮੁਲਤਵੀ ਕਰਨ ਦੀ ਪੇਸ਼ਕਸ਼ 'ਤੇ ਅੰਦੋਲਨ ਖ਼ਤਮ ਕਰਨ ਦੇ ਬਿਆਨ 'ਤੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਪਤਾ ਨਹੀਂ ਉਨ੍ਹਾਂ ਦੀ ਕੇਂਦਰ ਨਾਲ ਕੀ ਸੈਟਿੰਗ ਹੈ। ਉਹ ਕਿਸ ਤਰ੍ਹਾਂ ਇਹ ਪੇਸ਼ਕਸ਼ ਦੇ ਰਹੇ ਹਨ ਪਰ ਕਿਸਾਨ ਕਾਨੂੁੰਨ ਰੱਦ ਕਰਵਾਉਣ 'ਤੇ ਬੇਜ਼ਿੱਦ ਹਨ।