You are here

ਇਟਲੀ ਦੀ ਸਿਆਸਤ ਵਿੱਚ ਕਿਸਮਤ ਅਜ਼ਮਾ ਰਹੇ ਨੇ ਪੰਜਾਬੀ

ਰੋਮ, ਮਈ-(ਜਨ ਸ਼ਕਤੀ ਨਿਊਜ਼)- ਪੰਜਾਬੀ ਕਈ ਦੇਸ਼ਾਂ ਦੀ ਸਿਆਸਤ ਵਿੱਚ ਵੱਡਾ ਰੋਲ ਨਿਭਾਅ ਰਹੇ ਹਨ। ਹੁਣ ਇਟਲੀ ਦੀ ਸਿਆਸਤ ਵਿੱਚ ਭਾਰਤ ਦੇ ਪੰਜਾਬੀ ਲੋਕ ਨਵਾਂ ਇਨਕਲਾਬ ਲਿਆਉਣ ਲਈ ਪੱਬਾਂ ਭਾਰ ਹਨ। ਇਟਲੀ ਦੇ ਪੰਜਾਬੀ ਇੱਥੋਂ ਦੀ ਸਿਆਸਤ ਵਿੱਚ ਕੁਝ ਨਵਾਂ ਕਰਨ ਲਈ ਇਸ ਵਾਰ ਇਟਲੀ ਦੀਆਂ ਸਿੰਦਾਕੋ ਭਾਵ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਇਹ ਚੋਣਾਂ ਇਟਲੀ ਦੇ ਕਈ ਇਲਾਕਿਆਂ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਭਾਗ ਲੈ ਰਹੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਲਵਪ੍ਰੀਤ ਕੌਰ ਨੇ ਇਟਲੀ ਦੇ ਜ਼ਿਲ੍ਹਾ ਮਚੇਰਾਤਾ ਅਧੀਨ ਆਉਂਦੇ ਸ਼ਹਿਰ ਸੇਫਰੋ ਤੋਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ।
 ਪਹਿਲੀ ਵਾਰ ਇਟਲੀ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਗ ਲੈ ਰਹੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਾਲ 2002 ਦੌਰਾਨ ਇਟਲੀ ਆਈ। ਇਸ ਸਮੇਂ ਉਹ ਕਾਲਜ ਵਿੱਚ ਪੋਲੀਟੀਕਲ ਸਾਇੰਸ ਦੀ ਵਿਦਿਆਰਥਣ ਹੈ। ਇਨ੍ਹਾਂ ਚੋਣਾਂ ਲਈ ਉਨ੍ਹਾਂ ਨੂੰ ਨਗਰ ਕੌਂਸਲ ਆਗੂਆਂ ਵੱਲੋਂ ਹੀ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਸ਼ਹਿਰ ਵਿੱਚ ਭਾਰਤੀ ਕਮਿਊਨਿਟੀ ਦੀ ਅਗਵਾਈ ਕਰਨ ਲਈ ਅੱਗੇ ਆਉਣ। ਲਵਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਬੇਟੀ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਦਾ ਮਕਸਦ ਸਿਰਫ਼ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਹੋਰ ਭਾਰਤੀ ਵੀ ਇਟਲੀ ਦੇ ਸਿਆਸੀ ਪਿੜ ਵਿੱਚ ਅੱਗੇ ਆ ਕੇ ਭਾਰਤੀ ਭਾਈਚਾਰੇ ਦੇ ਹੱਕਾਂ ਦੀ ਗੱਲ ਕਰ ਸਕਣ। ਇਟਲੀ ਵਿੱਚ ਕਈ ਥਾਈਂ ਵਿਦੇਸ਼ੀਆਂ ਨਾਲ ਨਸਲੀ ਭਿੰਨ-ਭੇਦ ਹੋ ਰਿਹਾ ਹੈ ਅਜਿਹੇ ਵਤੀਰੇ ਨੂੰ ਇਟਲੀ ਦੇ ਸੱਤਾਧਾਰੀ ਬਣ ਕੇ ਵਿਦੇਸ਼ੀ ਰੋਕ ਸਕਦੇ ਹਨ।
ਲਵਪ੍ਰੀਤ ਕੌਰ ਤੋਂ ਇਲਾਵਾ ਪੰਜਾਬੀ ਮੁਟਿਆਰ ਪ੍ਰਨੀਤ ਕੌਰ ਇਟਲੀ ਤੋਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ। ਇਨ੍ਹਾਂ ਪੰਜਾਬਣਾਂ ਤੋਂ ਇਲਾਵਾ ਬਲਬੀਰ ਸਿੰਘ ਤੇ ਲਵਜੀਤ ਸਿੰਘ ਨਾਮੀ ਨੌਜਵਾਨ ਵੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਪਹਿਲਾਂ ਵੀ ਕੁਝ ਭਾਰਤੀ ਇਟਲੀ ਦੀ ਸਿਆਸਤ ਵਿੱਚ ਆਉਣ ਲਈ ਮੈਦਾਨ ਵਿੱਚ ਨਿੱਤਰੇ ਸਨ ਪਰ ਸਫ਼ਲਤਾ ਨਹੀਂ ਸੀ ਮਿਲੀ।