ਪੰਜਾਬ ਦੀ ਪਹਿਲੀ ਕਿਸਾਨ ਮਹਾ ਪੰਚਾਇਤ 11 ਫ਼ਰਵਰੀ  ਨੂੰ ਦਾਣਾ ਮੰਡੀ ਜਗਰਾਉਂ  (VIDEO)

ਜਗਰਾਓਂ,ਫ਼ਰਵਰੀ 2021 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  )

ਖੇਤੀ ਕਾਨੂੰਨ ਦੇ ਵਿਰੋਧ ਵਿਚ ਘਰ ਘਰ ਅਲਖ ਜਗਾਉਣ ਦੇ ਮਕਸਦ ਨਾਲ ਪੰਜਾਬ ਵਿਚ ਜਗਰਾਓਂ ਤੋਂ ਕਿਸਾਨ ਮਹਾਪੰਚਾਇਤ ਦਾ ਆਗਾਜ਼ 11 ਫਰਵਰੀ ਨੂੰ ਹੋਵੇਗਾ । ਤਾਰੀਖ ਜਲਦੀ 4 ਦਿਨ ਪਹਿਲਾਂ ਰੱਖਣ ਦਾ ਮਕਸਦ ਇਸ ਮੁਹਿੰਮ ਨੂੰ ਜਲਦੀ ਪੰਜਾਬ ਭਰ ਵਿਚ ਸ਼ੁਰੂ ਕਰਨਾ ਹੈ।

ਮੰਗਲਵਾਰ ਨੂੰ ਮਹਾਪੰਚਾਇਤ ਦੇ ਆਯੋਜਨ ਸਬੰਧੀ ਪ੍ਰਬੰਧਕਾਂ ਨੇ ਪ੍ਰਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਮਹਾਪੰਚਾਇਤ ਸਾਂਝੇ ਕਿਸਾਨ ਮੋਰਚੇ ਦੀ ਸਰਪ੍ਰਸਤੀ ਹੇਠ ਹੋਵੇਗੀ। ਇਸ ਦਾ ਮੁੱਖ ਮਕਸਦ ਕਿਸਾਨੀ ਸੰਘਰਸ਼ ਨਾਲ ਹਰ ਇਕ ਵਰਗ ਨੂੰ ਜੋੜਣਾ ਹੈ, ਕਿਉਂਕਿ ਖੇਤੀ ਕਾਨੂੰਨ ਇਕੱਲੇ ਕਿਸਾਨਾਂ ਲਈ ਨਹੀਂ, ਹਰ ਇਕ ਵਰਗ ਲਈ ਖਤਰਨਾਕ ਹਨ। ਇਸ ਦੇ ਲਾਗੂ ਹੁੰਦੇ ਹੀ ਮਹਿੰਗਾਈ, ਗੁਲਾਮੀ, ਬੇਰੁਜਗਾਰੀ, ਕ੍ਰਾਈਮ ਸਾਰੀਆਂ ਹੱਦਾਂ ਪਾਰ ਕਰ ਜਾਵੇਗਾ ਅਤੇ ਆਮ ਆਦਮੀ ਦਾ ਇਸ ਦੇਸ਼ ਵਿਚ ਦੋ ਡੰਗ ਰੋਟੀ ਦਾ ਗੁਜਾਰਾ ਵੀ ਅੌਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਸਵੇਰੇ 10 ਵਜੇ ਕਰਵਾਈ ਜਾ ਰਹੀ ਇਸ ਮਹਾਪੰਚਾਇਤ ਵਿਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਕੁਲਵੰਤ ਸਿੰਘ ਸੰਧੂ, ਨਿਰਭੈ ਸਿੰਘ ਢੁੱਡੀਕੇ, ਡਾ. ਦਰਸ਼ਨ ਪਾਲ ਸਮੇਤ ਕਿਸਾਨ ਮਜ਼ਦੂਰ ਸੰਘਰਸ਼ ਦੇ ਆਗੂ ਪਹੁੰਚ ਰਹੇ ਹਨ, ਜੋ ਇਸ ਮਹਾਪੰਚਾਇਤ ਰਾਹੀਂ ਜਿੱਥੇ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨੀ ਮੋਰਚੇ ਦੇ ਸਫਲਤਾ ਵੱਲ ਵੱਧਣ ਦੀ ਦਾਸਤਾਨ ਦੱਸਣਗੇ, ਉਥੇ ਇਸ ਸੰਘਰਸ਼ ਦੀ ਰੂਪ ਰੇਖਾ 'ਤੇ ਵੀ ਚਾਨਣਾ ਪਾਉਣਗੇ। ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ, ਕੰਵਲਜੀਤ ਖੰਨਾ,ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।