ਪਾਕਿਸਤਾਨ ’ਚ ਸਿੱਖ ਕਾਰੋਬਾਰੀ ਰੋਜ਼ੇਦਾਰਾਂ ਨੂੰ ਦੇ ਰਿਹਾ ਹੈ ਖ਼ਰੀਦਦਾਰੀ ’ਚ ਛੋਟ

ਪਿਸ਼ਾਵਰ,ਮਈ-(ਜਨ ਸ਼ਕਤੀ ਨਿਊਜ਼)- ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ’ਚ ਸਿੱਖ ਕਾਰੋਬਾਰੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਮੁਸਲਮਾਨ ਰੋਜ਼ੇਦਾਰਾਂ ਨੂੰ ਖ਼ਰੀਦਦਾਰੀ ’ਚ ਛੋਟ ਦੇ ਰਿਹਾ ਹੈ। ਖ਼ੈਬਰ ਪਖਤੂਨਖਵਾ ਦੀ ਤਹਿਸੀਲ ਜਮਰੌਦ ’ਚ ਨਾਰੰਜ ਸਿੰਘ ਦੀ ਦੁਕਾਨ ਹੈ ਜਿਥੇ ਉਹ ਸਰਕਾਰੀ ਕੀਮਤ ਕੰਟਰੋਲ ਕਮੇਟੀ ਵੱਲੋਂ ਤੈਅ ਰੇਟਾਂ ਨਾਲੋਂ ਘੱਟ ਮੁੱਲ ’ਤੇ ਲੋੜੀਦੀਆਂ ਵਸਤਾਂ ਵੇਚ ਰਿਹਾ ਹੈ। ਖਾਣ ਵਾਲੀਆਂ ਵਸਤਾਂ 10 ਤੋਂ 30 ਰੁਪਏ ਘੱਟ ਕੀਮਤ ’ਤੇ ਵੇਚੀਆਂ ਜਾ ਰਹੀਆਂ ਹਨ। ਨਾਰੰਜ ਸਿੰਘ ਨੇ ਕਿਹਾ ਕਿ ਉਹ ਇਸ ਨੂੰ ‘ਪੁੰਨ’ ਦਾ ਕੰਮ ਸਮਝਦਾ ਹੈ ਅਤੇ ਉਹ ਮੁਸਲਮਾਨਾਂ ਤੇ ਘੱਟ ਗਿਣਤੀ ਸਿੱਖ ਭਾਈਚਾਰੇ ਵਿਚਕਾਰ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਚਾਹੁੰਦਾ ਹੈ। ਪਿਸ਼ਾਵਰ ’ਚ ਰਹਿਣ ਵਾਲੇ ਜ਼ਿਆਦਾਤਰ ਸਿੱਖ ਉਨ੍ਹਾਂ ਪਰਿਵਾਰਾਂ ਤੋਂ ਆਉਂਦੇ ਹਨ ਜੋ ਇਸ ਤੋਂ ਪਹਿਲਾਂ ਸੰਘੀ ਸ਼ਾਸਿਤ ਕਬਾਇਲੀ ਖੇਤਰ (ਫਾਟਾ) ਦੇ ਵੱਖ ਵੱਖ ਹਿੱਸਿਆਂ ’ਚ ਰਹਿੰਦੇ ਸਨ ਅਤੇ ਬਾਅਦ ’ਚ ਉਹ ਪਿਸ਼ਾਵਰ ਆ ਗਏ ਜਿਥੇ ਉਹ ਕਾਰੋਬਾਰ ਕਰਨ ਲੱਗ ਪਏ ਸਨ। ਮਸ਼ਹੂਰ ਸਿੱਖ ਧਾਰਮਿਕ ਆਗੂ ਅਤੇ ਮਨੁੱਖੀ ਹੱਕਾਂ ਦੇ ਕਾਰਕੁਨ ਚਰਨਜੀਤ ਸਿੰਘ ਨੂੰ ਪਿਛਲੇ ਸਾਲ ਮਈ ’ਚ ਗੋਲੀ ਮਾਰ ਦਿੱਤੀ ਗਈ ਸੀ।