ਹਿੰਦੁਸਤਾਨ ਦਾ ਹਿੰਦੁਸਤਾਨ…….. ✍️ ਚੰਦਰ ਪ੍ਰਕਾਸ਼

ਕੜਕਦੀ ਠੰਢ ’ਚ

ਅਸਮਾਨੀ ਛੱਤ ਥੱਲੇ

ਠਿਠੁਰ ਰਿਹਾ ਹੈ ਜੋ

ਉਸ ਨੂੰ ਦਿਹਾੜੀਆ, ਕਿਰਤੀ, ਕਿਸਾਨ ਕਹਿੰਦੇ ਨੇ

ਨਿਉਂ ਜੜ ਹੈ ਦੇਸ਼ ਦੀ

ਹਿੰਦੁਸਤਾਨ ਦਾ ਨਿਰਮਾਣ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

 

ਛੱਡਿਆ ਘਰ ਬਾਰ ਨਾਲ ਮੋਹ

ਤੁਰ ਰਹੇ ਨੇ ਹਜ਼ਾਰਾਂ ਕੋਹ

ਲਾਏ ਪੱਕੇ ਡੇਰੇ

ਲਈ ਸੱਤਾ ਦੀ ਚੈਨ ਖੋਹ

ਵਿੱਚ ਜਮਾਵੜੇ ਕਿਰਤੀਆਂ ਦੇ

ਮੁਹੱਬਤ ਦਰਿਆ ਵਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਮਨ ਵਿਚ ਜੋਸ਼,

ਸੋਚ ਵਿਚ ਹੋਸ਼

ਵਾਰ ਜਾਨਾ ਮਾਣ ਮੱਤੇ ਕਰ ਰਹੇ ਨੇ ਰੋਸ਼ 

ਫੜ ਹੱਥ ’ਚ ਸੰਵਿਧਾਨ ਬਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਰੱਖੀ ਹੈ ਜ਼ਬਰ ਦੇ ਖ਼ਿਲਾਫ਼ ਜੰਗ ਜਾਰੀ

ਅੱਜ ਹੋਰ ਧਰਤੀ ਪੁੱਤ ਨੇ ਹੈ ਜਾਨ ਵਾਰੀ

ਸਿਸਕੀਆਂ ਤਿਰੰਗੇ ਦੀਆਂ

ਹੰਝੂ ਧਰਤੀ ਮਾਂ ਦੇ ਵਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਕੰਮ ਹੈ ਜ਼ੁਲਮ ਨਾਲ ਜੱਫਾ ਪਾਉਣਾ

ਨਾ ਦੰਗਾ ਕਰਨਾ ਨਾ ਲਹੂ ਵਹਾਉਣਾ

ਨਾ ਹੰਝੂ ਵਹਾਉਣਾ ਨਾ ਗਿਰਾਉਣਾ

ਯੋਧੇ ਧਰਤੀ ਮਾਂ ਦੇ

ਸਦਾ ਚੜਦੀ ਕਲਾ ’ਚ ਰਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਚਮਕ ਤੇਰੀਆਂ ਅੱਖਾਂ ’ਚ ਖਾਸ ਹੈ

ਬੱਸ ਹੁਣ ਤੇਰੇ ਤੋਂ ਹੀ ਆਸ ਹੈ

ਜਿੱਤੇ ਤਾਂ ਆਜ਼ਾਦੀ

ਹਾਰ ਗੁਲਾਮੀ

ਇਹ ਹਿੰਦੁਸਤਾਨੀਆਂ ਦੇ ਬਿਆਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

 

 

ਲਈ ਅਜ਼ਾਦੀ ਤਬਾਹ ਕਰਵਾਏ ਘਰ ਬਾਰ

ਹੌਂਸਲਾ ਨਾ ਹਾਰਿਆ ਚੜੇ ਫ਼ਾਂਸੀ ਵਾਰ ਵਾਰ

ਕੁਰਬਾਨੀਆਂ ਦੇ ਵਾਰਿਸ ਹੁਣ ਪ੍ਰੇਸ਼ਾਨ ਰਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਜਿਨਾਂ ਮਾਰੇ ਆਜ਼ਾਦੀਏ ਘੁਲਾਟੀਏ ਬੱਟ

ਜਿਨਾਂ ਫਿਰੰਗੀਆਂ ਦੇ ਤਲਬੇ ਲਏ ਚੱਟ

ਉਹ ਕਿਸਾਨ ਨੂੰ ਪਾਕਿਸਤਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਜਿਨਾਂ ਫਿਰੰਗੀਆਂ ਨਾਲ ਸੀ ਸਾਂਝ ਪਾਈ

ਕੀਤੀਆਂ ਗਦਾਰੀਆ ਪਦਵੀ ਦਿਵਾਨੀ ਕਮਾਈ

ਮੰਗਦੇ ਨੇ ਸਬੂਤ ਉਹੀ

ਮੂਲ ਜਾਇਆ ਨੂੰ ਮਹਿਮਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

 

 

ਕੁੱਝ ਸੋਚ ਕਰ ਤੂੰ

ਬਦਲ ਰਵੱਈਆ ਤਰਸ ਕਰ

ਕੁੱਝ ਹੋਸ਼ ਕਰ ਤੂੰ

ਤੋਰ ’ਚ ਹੰਕਾਰ ਹੈ

ਸੱਤਾ ਦਾ ਖ਼ੁਮਾਰ ਹੈ

ਸਲੀਕਾ ਗੁਫ਼ਤਗੂ ਤੇਰੇ ਨੂੰ ਗੁਮਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

************************************

 

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150

 

 ਇਹ ਕਵਿਤਾ ਉਨਾਂ ਜੁਝਾਰੂਆਂ ਨੂੰ ਸਮੱਰਪਿਤ ਹੈ ਜੋ ਭਾਰਤ ਦੇ ਸੰਵਿਧਾਨ ਵਿਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਅਤੇ ਸਾਰੇ ਭਾਰਤ ਵਿਰੋਧੀ ਅਤੇ ਗੈਰ ਸਮਾਜੀ ਤੱਤਾਂ ਨੂੰ ਹਰਾਉਂਦੇ ਹੋਏ ਆਪਣੇ ਹੱਕਾਂ ਦੀ ਪੂਰਤੀ ਲਈ ਦਿੱਲੀ ਦੀ ਸਰਹੱਦ ਵਿਖੇ ਜਾਨਲੇਵਾ ਮੌਸਮ ਨਾਲ ਲੜਦੇ ਹੋਏ ਆਪਣੇ ਸੰਘਰਸ਼ ਨੂੰ ਚੱਲਦਾ ਰੱਖ ਰਹੇ ਹਨ ਅਤੇ ਹਰ ਰੋਜ਼ ਉਸ ਨੂੰ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਹੋਰ ਤਿੱਖਾ ਕਰ ਰਹੇ ਹਨ। ਉਨਾਂ ਸਾਰੀਆਂ ਰੂਹਾਂ ਨੂੰ ਕੋਟਨਿ ਕੋਟਿ ਪ੍ਰਣਾਮ

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150

 

( ਜਨਰਲਲੈਸਟ ਇਕਬਾਲ ਸਿੰਘ ਰਸੂਲਪੁਰ ਦਾ ਵਿਸ਼ੇਸ਼ ਉਪਰਾਲਾ ਨਾਲ ਪ੍ਰਕਾਸ਼ਿਤ  )