“ਪੁੱਤ ਤੂੰ ਵੀ ਆਈਲਟ ਈ ਕਰ ਲੈ….” ✍️ ਅਰਵਿੰਦਰ ਸਿੰਘ ਕੋਹਲੀ, ਜਗਰਾਉਂ

“ਪੁੱਤ ਤੂੰ ਵੀ ਆਈਲਟ ਈ ਕਰ ਲੈ….”
    ਅੱਜ ਮੇਰੇ ਪੁੱਤਰ ਦਾ ਬਾਰਵ੍ਹੀਂ ਜਮਾਤ ਦਾ ਸਲਾਨਾਂ ਨਤੀਜਾ ਆਇਆ ਸੀ । ਤੰਗੀ ਤੁਰਸ਼ੀ ਵਾਲੇ ਘਰੇਲੂ ਹਾਲਾਤ ਅਤੇ ਪੇਂਡੂ ਸਰਕਾਰੀ ਸਕੂਲ ਵਿਚ ਪੜ੍ਹਨ ਦੇ ਬਾਵਜੂਦ ਵੀ ਉਸਨੇਂ 80% ਦੇ ਕਰੀਬ ਅੰਕ ਪ੍ਰਾਪਤ ਕੀਤੇ ਸਨ । ਕੰਪਿਊਟਰ ਤੇ ਆਪਣਾ ਨਤੀਜਾ ਦੇਖ ਕੇ ਉਸ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਸਨ । ਉਸਦੀ ਮਾਂ ਲੱਡੂ ਲਿਆਉਣ ਲਈ ਮੇਰੇ ਤੋਂ ਦੋ ਵਾਰ ਪੈਸੇ ਮੰਗ ਚੁੱਕੀ ਸੀ ਪਰ ਖਾਲੀ ਖੀਸਾ ਦੇਖ ਕੇ ਮੈਂ ਦੋਹੇਂ ਵਾਰ ਬਹਾਨਾਂ ਜਿਹਾ ਮਾਰ ਕੇ ਮੈਂ ਉਸਨੂੰ ਟਾਲ ਚੁੱਕਾ ਸੀ । ਪਤਾ ਨਹੀਂ ਕਿਓਂ ਆਉਣ ਵਾਲੇ ਭਵਿੱਖ ਵੱਲ ਦੇਖਦੇ ਹੋਏ ਮੇਰੇ ਦਿਲ ਨੂੰ ਧੁੜਕੂ ਜਿਹਾ ਲੱਗ ਰਿਹਾ ਸੀ  ਬੇਰੁਜਗਾਰੀ ਦੇ ਸਤਾਏ ਹੋਏ ਗੱਭਰੂਆਂ ਦੇ ਨਸ਼ਿਆਂ ਦੀ ਡੂੰਘੀ ਦਲਦਲ ਵਿਚ ਫਸਣ ਅਤੇ ਫਿਰ ਮੌਤ ਦੇ ਮੂੰਹ ਜਾਣ ਦੀਆਂ ਖਬਰਾਂ ਸੁਣ ਕੇ ਹੋਰ ਹੀ ਤਰਾਂ੍ਹ ਦੀ ਬੇਚੈਨੀਂ ਜਿਹੀ ਮਹਿਸੂਸ ਹੁੰਦੀ । ਕਈ ਵਾਰ ਆਲੇ ਦੁਆਲੇ ਲੱਗੀ ਅੱਗ ਦਾ ਸੇਕ ਆਪਣੇ ਹੀ ਘਰ ਦੇ ਨਜਦੀਕ, ਹੋਰ ਨਜਦੀਕ ਆ ਰਿਹਾ ਮਹਿਸੂਸ ਹੁੰਦਾ ।
    ਜਿਗਰਾ ਜਿਹਾ ਤਕੜਾ ਕਰ ਕੇ ਅਗਲੇ ਦਿਨ ਪੁੱਤ ਨੂੰ ਪੁੱਛਦਾ ਹਾਂ…ਪੁੱਤ ਹੋਰ ਫੇਰ ਤੇਰਾ ਅੱਗੇ ਕੀ ਕਰਨ ਦਾ ਇਰਾਦਾ ਹੈ? “ਸਮਝ ਜਿਹੀ ਨੀਂ ਆ ਰਹੀ ਬਾਪੂ ਕੀ ਕਰਾਂ….” ।   “ਪੁੱਤ ਤੂੰ ਮਾਸਟਰੀ ਵਾਲਾ ਕੋਰਸ ਕਰ ਲੈ….ਓਹ ਚਿੱਟੀ ਕੋਠੀ ਵਾਲਿਆਂ ਦਾ ਮੁੰਡਾ ਤੇ ਬਹੂ ਦੋਵੇਂ ਸਰਕਾਰੀ ਮਾਸਟਰ ਲੱਗੇ ਹੋਏ ਐ…ਦੋਵੇਂ ਜੀਅ ‘ਕੱਠੇ ਮੋਟਰਸੈਕਲ ਤੇ ਸਕੂਲ ਜਾਂਦੇ ਐ ਤੇ ‘ਕੱਠੇ ਈ ਘਰ ਮੁੜ ਆਉਂਦੇ ਐ……ਚੜ੍ਹੇ ਮਹੀਨੇਂ ਉਹਨਾਂ ਦੇ ਖਾਤੇ ਤਨਖਾਹ ਪੈ ਜਾਂਦੀ ਐ….ਬੱਸ ਮੌਜਾਂ ਈ ਮੌਜਾਂ ਨੇਂ….”।
    “ਬਾਪੂ ਹੁਣ ਮਾਸਟਰ ਲੱਗਣਾ ਵੀ ਕਿਤੇ ਸੌਖਾ ਨੀਂ ਰਿਹਾ….ਪਹਿਲਾਂ ਚੌਦਾਂ ਜਮਾਤਾਂ ਪਾਸ ਕਰ ਕੇ ਬੀ.ਐਡ. ਦਾ ਦੋ ਸਾਲ ਦਾ ਕੋਰਸ ਕਰੋ…ਫੇਰ ਅਧਿਆਪਕ ਭਰਤੀ ਦਾ ਮੁੱਢਲਾ ਟੈਸਟ ਪਾਸ ਕਰੋ…ਫੇਰ ਵਿਸ਼ੇ ਦਾ ਟੈਸਟ ਪਾਸ ਕਰੋ…..ਫੇਰ ਸਰਕਾਰ ਦੀ ਮਰਜੀ ਐ ਕਿ ਕਦੋਂ ਅਧਿਆਪਕਾਂ ਦੀਆਂ ਅਸਾਮੀਆਂ ਕੱਢੇ ਕਿ ਨਾਂ ਕੱਢੇ…… ਐਨਾਂ ਕੁਝ ਕਰ ਕੇ ਜੇ ਕੋਈ ਅਧਿਆਪਕ ਭਰਤੀ ਹੋ ਵੀ ਜਾਂਦਾ ਐ ਤਾਂ ਚਾਰ ਪੰਜ ਸਾਲ ਲਈ ਠੇਕੇ ਤੇ ਭਰਤੀ ਹੁੰਦੀ ਐ……ਚਾਰ ਸਾਲ ਪਹਿਲਾਂ ਠੇਕੇ ਤੇ ਭਰਤੀ ਹੋਏ ਅਧਿਆਪਕਾਂ ਨੂੰ ਸਰਕਾਰ ਸਿਰਫ 6500 ਰੁਪਏ ਤਨਖਾਹ ਦੇ ਰਹੀ ਐ….ਉਹਨਾਂ ਵਿਚੋਂ ਵੀ ਕਈ ਘਰ ਤੋਂ ਸੌ ਸੌ ਕਿਲੋਮੀਟਰ ਦੂਰ ਨੌਕਰੀ ਕਰਨ ਜਾਂਦੇ ਨੇਂ..।”
    “ਪੁੱਤ ਤੇਰੇ ਤੋਂ ਕਿਹੜਾ ਘਰ ਦੇ ਹਾਲਾਤ ਗੁੱਝੇ ਨੇਂ…ਜਮੀਨ ਜਾਇਦਾਦ ਤੈਨੂੰ ਪਤਾ ਈ ਐ ਆਪਣੀ ਕਿੰਨੀਂ ਕੁ ਐ…ਦਿਲ  ਤਾਂ ਮੇਰਾ ਵੀ ਕਰਦਾ ਸੀ ਕਿ ਤੈਨੂੰ ਕੋਈ ਵਧੀਆ ਜਿਹੀ ਪੜ੍ਹਾਈ ਕਰਵਾਉਂਦਾ….ਪਰ ਐਨਾਂ ਖਰਚਾ ਕਿੱਥੋਂ ਕਰਦੇ…ਸੁਣਿਆਂ ਆਪਣੇ ਪਿੰਡ ਦੇ ਨੇੜੇ ਕੋਈ ਇੰਜਨੀਅਰਿੰਗ ਕਾਲਜ ਖੁੱਲਿਆ ਐ. ...ਤੇ ਕਹਿੰਦੇ ਓਥੇ ਪੜਾ੍ਹਈ ਦਾ ਵੀ ਕੋਈ ਖਾਸ ਖਰਚਾ ਹੈਨੀਂ…”।
    “ਬਾਪੂ ਓਥੋਂ ਦੀ ਵੀ ਗੱਲ ਸੁਣ ਲੈ…ਆਪਣੇ ਪਿੰਡ ਦੇ ਈ ਇਕ ਮੁੰਡੇ ਨੇਂ ਓਥੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ ਐ… ਓਹ ਹੁਣ ਕਿਸੇ ਫੈਕਟਰੀ ਵਿਚ ਜਦ ਨੌਕਰੀ ਮੰਗਣ ਜਾਂਦਾ ਐ ਤਾਂ ਓਹਨੂੰ ਚਾਰ ਪੰਜ ਹਜਾਰ ਤੋਂ ਵੱਧ ਕੋਈ ਤਨਖਾਹ ਤੇ ਨੀਂ ਰੱਖਦਾ….ਹੁਣ ਵਿਚਾਰਾ ਕਿਸੇ  ਮਿਸਤਰੀ ਕੋਲ ਟਰੈਕਟਰਾਂ ਦਾ ਕੰਮ ਸਿੱਖਦੈ….।”
    “ਪੁੱਤ ਫੇਰ ਤੂੰ ਬਾਹਰ ਜਾਣ ਲਈ ਆਈਲਟ  ਈ ਕਰ ਲੈ….”
    “ਬਾਪੂ ਉਹ ਤਾਂ ਮੈਂ ਕਰ ਲਵਾਂ ਪਰ ਬਾਹਰ ਜਾਣ ਨੂੰ ਵੀ ਤਾਂ ਬੁੱਕ ਰੁਪਈਆਂ ਦਾ ਚਾਹੀਦੈ…ਨਾਲੇ ਓਥੇ ਕਿਹੜਾ ਬੇਰੀਆਂ ਨੂੰ ਡਾਲਰ ਲੱਗਦੇ ਐ ਬਈ ਜਹਾਜ ‘ਚੋਂ ਨਿਕਲੋ ਤੇ ਡਾਲਰ ਤੋੜਨ ਲੱਗ ਜਾਓ..।”
    “ਪੁੱਤ ਮਿਹਨਤ ਤਾਂ ਹਰ ਪਾਸੇ ਕਰਨੀਂ ਈ ਪੈਂਦੀ ਐ, ਬਾਕੀ ਪੈਸਿਆਂ ਦਾ ਤਾਂ ਜੁਗਾੜ ਕਰ ਲਵਾਂਗੇ ਕਿਵੇਂ ਨਾਂ ਕਿਵੇਂ…ਮੈਂ ਸ਼ਾਮ ਨੂੰ ਦਲਾਲ ਨਾਲ ਗੱਲ ਕਰਦਾਂ…ਆਹ ਜਿਹੜੇ ਦੋ ਸਿਆੜ ਰਹਿਗੇ ਨੇਂ, ਇਹੀ ਵੀ ਵੇਚ ਦਿੰਦੇ ਆਂ..ਪਿੱਛੇ ਮੈਂ ਤੇ ਤੇਰੀ ਮਾਂ ਆਪੇ ਦਿਹਾੜੀ ਜੋਤਾ ਕਰ ਕੇ ਡੰਗ ਟਪਾਈ ਕਰ ਲਵਾਂਗੇ ।”
    ਤੇ ਅੱਜ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਜਦੋਂ ਦਿੱਲੀਓਂ ਜਹਾਜ ਚੜਾ੍ਹ ਕੇ  ਘਰ ਵਾਪਸ ਮੁੜ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਹਰ ਸਾਲ ਪੰਜਾਬ ਵਿਚੋਂ ਹੀ ਐਨੇਂ ਨੌਜਵਾਨ ਲੱਖਾਂ ਰੁਪਏ ਲਾ ਕੇ ਬਾਹਰ ਜਾ ਰਹੇ ਨੇਂ, ਜੇ ਇਹੀ ਪੈਸੇ ਪੰਜਾਬ ਵਿਚ ਹੀ ਖਰਚ ਹੋਏ ਹੁੰਦੇ ਤੇ ਸਰਕਾਰਾਂ ਵੀ ਪੰਜਾਬ ਦੀ ਜਵਾਨੀਂ ਨੂੰ ਸਾਂਭਣ ਲਈ  ਆਪਣਾਂ ਫਰਜ ਅਦਾ ਕਰਦੀਆਂ ਤਾਂ ਅੱਜ ਪੰਜਾਬ ਦੀ ਤਸਵੀਰ ਕੁਝ ਹੋਰ ਹੀ ਹੁੰਦੀ ।                         (ਅਰਵਿੰਦਰ ਸਿੰਘ ਕੋਹਲੀ, ਜਗਰਾਉਂ ਮੋ: 9417985058)