ਸਰਕਾਰ ਨੂੰ ਉਸ ਦੇ ਮਨਸੂਬਿਆਂ 'ਚ ਸਫਲ ਨਹੀਂ ਹੋਣ ਦਿੱਤਾ ਜਾਵੇਗਾ- ਕਿਸਾਨ ਆਗੂ

ਨਵੀਂ ਦਿੱਲੀ ,ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-  

ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 20 ਦਿਨਾਂ ਤੋਂ ਦਿੱਲੀ ਨੂੰ ਘੇਰੀ ਬੈਠੇ ਕਿਸਾਨਾਂ ਨੇ ਆਪਣਾ ਰੁਖ਼ ਸਖ਼ਤ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਲੜਾਈ ਹੁਣ ਉਸ ਪੜਾਅ ’ਤੇ ਪੁੱਜ ਗਈ ਹੈ, ਜਿੱਥੇ ਉਹ ਇਸ ਨੂੰ ਹਰ ਹਾਲ ਜਿੱਤਣ ਲਈ ‘ਦ੍ਰਿੜ੍ਹ’ ਹਨ। ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਤੋਂ ਨਹੀਂ ਭੱਜ ਰਹੇ ਤੇ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਦਿਆਂ ਠੋੋੋਸ ਤਜਵੀਜ਼ਾਂ ਨਾਲ ਅੱਗੇ ਆਏ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ ਲਈ ਬਜ਼ਿੱਦ ਹੈ, ਤਾਂ ਉਹ ਵੀ ਆਪਣੀਆਂ ਮੰਗ ਮੰਨਵਾ ਕੇ ਹੀ ਇਥੋਂ ਉੱਠਣਗੇ। ਆਗੂਆਂ ਨੇ ਕਿਸਾਨ ਅੰਦੋਲਨ ਨੂੰ ਤਿੱਖਾ ਕਰਨ ਦੀ ਲੜੀ ਵਿੱਚ ਭਲਕੇ ਬੁੱਧਵਾਰ ਨੂੰ ਦਿੱਲੀ ਤੇ ਨੌਇਡਾ ਦਰਮਿਆਨ ਚਿੱਲਾ ਬਾਰਡਰ ਨੂੰ ਮੁਕੰਮਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ‘ਸ਼ਹੀਦੀ’ ਪਾਉਣ ਵਾਲੇ ਕਿਸਾਨਾਂ ਨੂੰ 20 ਦਸੰਬਰ ਨੂੰ ਲੋਕ ਪਿੰਡ ਤੇ ਬਲਾਕ ਪੱਧਰ ’ਤੇ ਸ਼ਰਧਾਂਜਲੀਆਂ ਦੇਣਗੇ।ਸਿੰਘੂ ਸਰਹੱਦ ’ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਡਾਲੇਵਾਲ ਨੇ ਕਿਹਾ, ‘‘ ਸਰਕਾਰ ਕਹਿ ਰਹੀ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਅਸੀਂ ਕਹਿ ਰਹੇ ਹਾਂ ਕਿ ਅਸੀਂ ਉਨ੍ਹਾਂ ਨੂੰ ਅਜਿਹਾ ਕਰਨ ਮਜਬੂਰ ਕਰ ਦਿਆਂਗੇ। ’’ ਉਨ੍ਹਾਂ ਕਿਹਾ ਕਿ ਲੜਾਈ ਅਜਿਹੇ ਪੜਾਅ ’ਤੇ ਪੁੁੱਜ ਗਈ ਹੈ ਜਿਥੇ ਅਸੀਂ ਇਸ ਨੂੰ ਹਰ ਕੀਮਤ ’ਤੇ ਜਿੱਤਣ ਲਈ ਦਿੜ੍ਹ ਹਾਂ। ’’ ਉਨ੍ਹਾਂ ਨਾਲ ਹੀ ਕਿਹਾ, ‘‘ ਅਸੀਂ ਗੱਲਬਾਤ ਤੋਂ ਨਹੀਂ ਭੱਜ ਰਹੇ, ਪਰ ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਠੋਸ ਤਜਵੀਜ਼ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ’’ ਹੋਰਨਾਂ ਆਗੂਆਂ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।