ਕਿਸਾਨੀ ਸੰਘਰਸ਼ ਦੇ ਹੱਕ ਚ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਵਾਪਿਸ ਕਰਨਗੇ ਆਪਣਾ ਬਹਾਦਰੀ ਦਾ ਮੈਡਲ

ਮੋਗਾ ( ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

ਨੱਥੂਵਾਲਾ ਗਰਬੀ  ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਜੰਮਪਲ ਸਾਬਕਾ ਏ.ਡੀ.ਸੀ.ਪੀ.(ਕਰਾਇਮ) ਹਰਜੀਤ ਸਿੰਘ ਬਰਾੜ ਆਪਣਾ ਬਹਾਦਰੀ ਪੁਰਸਕਾਰ (ਮੈਡਲ) ਰਾਸ਼ਟਰਪਤੀ ਨੂੰ ਵਾਪਸ ਕਰਗਨੇ। ਇਸ ਸਬੰਧੀ ਪ੍ਰੈੱਸ ਨਾਲ ਗੱਲ ਕਰਦੇ ਹੋਏ ਹਰਜੀਤ ਸਿੰਘ ਬਰਾੜ ਨੇ ਦੱਸਿਆ ਦੇਸ਼ ਦੀ ਨਿਕੰਮੀ ਸਰਕਾਰ ਦੇ ਪ੍ਰਧਾਨ ਮੰਤਰੀ ਵੱਲੋਂ ਕਾਲੇ ਕਾਨੂੰਨ ਬਣਾ ਕੇ ਦੇਸ਼ ਦੇ ਅੰਨਦਾਤੇ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਿਸਾਨ ਸਾਡੇ ਸਮਾਜ ਦੀ ਰੀੜ ਦੀ ਹੱਡੀ ਹਨ ਅਤੇ ਆਪ ਦਿਨ-ਰਾਤ ਮਿਹਨਤ ਕਰ ਕੇ ਪੂਰੀ ਦੁਨੀਆਂ ਦੇ ਲੋਕਾਂ ਦਾ ਢਿੱਡ ਭਰਨ ਵਾਸਤੇ ਅਨਾਜ ਪੈਦਾ ਕਰਦਾ ਹੈ ਪਰ ਕੇਂਦਰ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਰਾਹੀ ਕਿਸਾਨਾਂ ਨੂੰ ਹੀ ਖਤਮ ਕਰਨ ਵਾਸਤੇ ਰਾਹ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੀ ਬਦੌਲਤ ਅੱਜ ਕੜਾਕੇ ਦੀ ਠੰਡ ਦੇ ਬਾਵਜੂਦ ਲੱਖਾਂ ਕਿਸਾਨ ਘਰ ਬਾਰ ਛੱਡ ਕੇ ਸੜਕਾਂ ਤੇ ਇਨਸਾਫ ਲੈਣ ਵਾਸਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਹਾਲਤ ਅਤੇ ਹੋ ਰਹੀ ਧੱਕੇਸ਼ਾਹੀ ਕਾਰਣ ਉਨ੍ਹਾਂ ਨੂੰ ਗਹਿਰੀ ਸੱਟ ਲੱਗੀ ਹੈ। ਕਿਉਂਕਿ ਉਹ ਖੁਦ ਕਿਸਾਨ ਹਨ ਅਤੇ ਉਹ ਕਿਸਾਨ ਭਰਾਵਾਂ ਦੇ ਹੱਕ 'ਚ ਅਤੇ ਸਰਕਾਰ ਦੇ ਵਿਰੋਧ 'ਚ ਆਪਣਾ ਬਹਾਦਰੀ ਦਾ ਮੈਡਲ ਸਰਕਾਰ ਨੂੰ ਵਾਪਸ ਕਰ ਰਹੇ ਹਨ। ਇਸ ਸਬੰਧੀ ਉਹ ਆਪਣੇ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਦੇ ਨਾਲ ਜਲਦ ਹੀ ਰਾਸ਼ਟਰਪਤੀ ਨੂੰ ਮਿਲਣਗੇ ਅਤੇ ਮੈਡਲ ਵਾਪਸ ਕਰ ਕੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ। ਜਿਕਰਯੋਗ ਹੈ ਕਿ ਹਰਜੀਤ ਸਿੰਘ ਬਰਾੜ ਨੂੰ ਸ਼ਾਨਦਾਰ ਪੁਲਸ ਸੇਵਾਵਾਂ ਅਤੇ ਕਈ ਵਾਰ ਬਹਾਦਰੀ ਦਿਖਾਉਣ ਦੇ ਬਦਲੇ ਰਾਸ਼ਟਰਪਤੀ ਮੈਡਲ ਮਿਲਿਆ ਸੀ ਅਤੇ ਉਨਾ੍ਹ ਦੀ ਗਿਣਤੀ ਅਜਿਹੇ ਚੰਦ ਪੁਲਸ ਅਫਸਰਾਂ ਵਿਚ ਕੀਤੀ ਜਾਂਦੀ ਸੀ ਜੋ ਕਿਸੇ ਵੀ ਸਿਫਾਰਿਸ਼ ਨੂੰ ਪਾਸੇ ਰੱਖ ਕੇ ਸਿਰਫ ਮੈਰਿਟ ਦੇ ਅਧਾਰ ਤੇ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ। ਉਨ੍ਹਾਂ ਦੀ ਸਾਰੀ ਸਰਵਿਸ ਬੇਦਾਗ ਅਤੇ ਰਿਸ਼ਵਤ ਨਾ ਲੈਣ ਵਾਲੇ ਬਹਾਦਰ ਪੁਲਸ ਅਫਸਰ ਦੇ ਤੌਰ ਤੇ ਬੀਤੀ ਹੈ।