ਜਿੰਦਗੀ ✍️ ਸਲੇਮਪੁਰੀ ਦੀ ਚੂੰਢੀ

  ਜਿੰਦਗੀ
ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਊਣ ਦਾ ਮਤਲਬ ਬੇਲਗਾਮ ਇਛਾਵਾਂ ਉਪਰ ਲਗਾਮ ਕੱਸਣ ਤੋਂ ਹੁੰਦਾ ਹੈ। ਇਹ ਕੋਈ ਜਰੂਰੀ ਨਹੀਂ ਹੈ ਕਿ ਮਨ ਦੀ ਖੁਸ਼ੀ ਲਈ ਮਹਿੰਗੇ ਹੋਟਲਾਂ ਵਿਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਜਾਣ। ਮਨ ਦੀਆਂ ਖੁਸ਼ੀਆਂ ਤਾਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਜਾ ਕੇ ਭੁੰਜੇ ਬਹਿ ਕੇ ਸੁੱਕੀਆਂ ਰੋਟੀਆਂ ਖਾ ਕੇ ਵੀ ਪ੍ਰਾਪਤ ਹੋ ਜਾਂਦੀਆਂ ਹਨ। ਮਨ ਦੀ ਖੁਸ਼ਹਾਲੀ ਲਈ ਕੇਵਲ ਖੁਦਗਰਜ ਬਣਨ ਤੋਂ ਪਹਿਲਾਂ  ਸਮਾਜ ਦੀ ਗਰਜ ਲਈ ਇੱਛਾਵਾਂ ਦੀ ਤਾਂਘ ਰੱਖਣੀ ਚਾਹੀਦੀ ਹੈ, ਫਿਰ ਖੁਸ਼ੀ ਆਪਣੇ ਆਪ  ਪ੍ਰਛਾਵਾਂ ਬਣਕੇ ਨਾਲ ਚੱਲਦੀ ਹੈ। ਅੱਜ  ਕਿਰਤੀ-ਕਿਸਾਨ ਭੁੱਖੇ-ਨੰਗੇ ਰਹਿ ਕੇ ਆਪਣੇ ਮਨ ਦੀਆਂ ਇੱਛਾਵਾਂ ਨੂੰ ਲਗਾਮ ਕੱਸ ਕੇ ਦੇਸ਼ ਦੇ ਲੋਕਾਂ ਲਈ ਯੁੱਧ ਲੜ ਰਹੇ ਹਨ, ਇਸੇ ਲਈ ਉਨ੍ਹਾਂ ਦੇ ਚਿਹਰਿਆਂ 'ਤੇ ਉਦਾਸੀ ਥਾਂ ਖੁਸ਼ੀ ਦਮਕ ਰਹੀ ਆ। ਕਿਰਤੀ ਕਿਸਾਨ ਖੁਦਗਰਜ ਨਹੀਂ ਹਨ। ਦੂਜਿਆਂ ਲਈ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਕਦੀ ਉਦਾਸ ਨਹੀਂ ਹੁੰਦੇ ਜਦੋਂ ਕਿ ਐਨ ਇਸ ਦੇ ਉਲਟ ਜਦੋਂ ਅਸੀਂ ਕੇਵਲ ਆਪਣੇ ਸੁਆਰਥਾਂ ਲਈ ਕੰਮ ਕਰਦੇ ਹਾਂ ਅਸੀਂ ਇਕੱਲੇ ਰਹਿ ਜਾਂਦੇ ਹਾਂ ਤਾਂ ਫਿਰ ਮਨ ਉਪਰ ਉਦਾਸੀ ਦੀ ਛੱਤਰੀ ਦਾ ਪ੍ਰਛਾਵਾਂ ਛਾ ਜਾਂਦਾ ਹੈ, ਜੋ ਕਈ ਵਾਰੀ ਖੁਦਕੁਸ਼ੀ ਦਾ ਕਾਰਨ ਵੀ ਬਣ ਜਾਂਦਾ ਹੈ। ਜਦੋਂ ਕੋਈ ਵਿਅਕਤੀ  ਇਕੱਲਾ ਹੁੰਦਾ ਹੈ ਤਾਂ ਉਸ ਦੇ ਸੋਚਣ ਦਾ ਤਰੀਕਾ  ਵੀ ਬਦਲ ਜਾਂਦਾ ਹੈ, ਜਿਸ ਕਰਕੇ ਉਸ ਨੂੰ  ਹਰ ਨਿੱਕੀ ਗੱਲ ਵੱਡੀ ਜਾਪਦੀ ਹੈ। ਅੱਖਾਂ ਤੱਕ ਆਇਆ ਗੁੱਸਾ  ਸਹੀ ਫੈਸਲਾ ਲੈਣ ਦਾ ਹੁਨਰ ਖੋਹ ਲੈਂਦਾ। ਸਾਹਮਣੇ ਬੈਠੇ ਸੱਭ ਲੋਕ ਮੂਰਖ ਜਾਪਣ ਲੱਗ ਪੈਂਦੇ ਹਨ, ਜਦਕਿ ਇਕੱਲਾ ਰਹਿਣ ਵਾਲਾ ਵਿਅਕਤੀ ਆਪਣੇ ਆਪ ਨੂੰ ਸੱਭ ਤੋਂ ਉਤਮ ਸਮਝਣ ਲੱਗ ਜਾਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਹੈ ਕਿ ਆਮ ਲੋਕ ਉਸ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ।  ਹਰ ਦੁੱਖ ਦੀ ਵਜ੍ਹਾ ਮਨੁੱਖ ਦਾ ਅਤੀਤ ਜਾਂ ਸੁਪਨਿਆਂ ਦਾ ਅਧੂਰਾਪਣ ਹੀ ਹੁੰਦਾ ਹੈ। ਮਨੁੱਖ ਆਪਣੇ ਮਨ ਦੀ ਖੁਸ਼ੀ ਅਤੇ ਸ਼ਾਂਤੀ ਲਈ ਬੇਲੋੜੀਆਂ ਇੱਛਾਵਾਂ ਦਾ ਜਾਲ ਵਿਛਾ ਕੇ ਬੈਠ ਜਾਂਦਾ ਹੈ ਅਤੇ ਫਿਰ ਉਹ ਖੁਦ ਮੱਕੜਜਾਲ ਵਿਚ ਫਸ ਜਾਂਦਾ ਹੈ।ਮਨ ਦੀ ਖੁਸ਼ੀ ਲਈ ਆਪਣੇ ਮਨ ਵਿਚ ਉੱਠ ਰਹੇ ਬੇਲੋੜੇ ਇੱਛਾਵਾਂ ਦੇ ਕਪਾਹੀੰ ਬੱਦਲਾਂ ਨੂੰ ਲਗਾਮ ਕੱਸਣਾ ਹੀ ਜਿੰਦਗੀ ਜਿਉਣ ਦਾ ਵਧੀਆ ਤਰੀਕਾ ਹੈ। ਖੇਤਾਂ ਵਿਚ ਮਿੱਟੀ ਦੇ ਡਲਿਆਂ ਅਤੇ ਦਿੱਲੀ ਵਿਚ ਸੜਕਾਂ 'ਤੇ ਸੌਂ ਕੇ ਵੀ ਮਨ ਦੀ ਖੁਸ਼ੀ ਅਤੇ ਸ਼ਾਂਤੀ ਦਾ ਸਵਰਗ ਹਾਸਲ ਕੀਤਾ ਜਾ ਸਕਦਾ ਹੈ। ਭਾਵੇਂ ਕਿਰਤੀ ਅਤੇ ਕਿਸਾਨ ਸੱਭ ਕੁਝ ਮਜਬੂਰੀਆਂ ਕਾਰਨ ਕਰ ਰਹੇ ਹਨ ਪਰ, ਜਿੰਦਗੀ ਵਿੱਚ ਕੁੱਝ ਪਾਉਣ ਲਈ ਕਈ ਵਾਰ ਮਨ ਦੀ ਸ਼ਾਂਤੀ ਅਤੇ ਖੁਸ਼ੀ ਲਈ ਸੱਭ ਕੁਝ ਤਿਆਗਣਾ ਪੈਂਦਾ ਹੈ। ਤਿਆਗ ਵਿਚ ਵੀ ਖੁਸ਼ੀ ਮਹਿਸੂਸ ਕੀਤੀ ਜਾ ਸਕਦੀ ਹੈ। 
-ਸੁਖਦੇਵ ਸਲੇਮਪੁਰੀ 
09780620233 
12 ਦਸੰਬਰ, 2020