ਗਹਿਣੇ ਰੱਖ ਦਿੱਤਾ ਦੇਸ਼ !✍️ ਸਲੇਮਪੁਰੀ ਦੀ ਚੂੰਢੀ

 *ਗਹਿਣੇ ਰੱਖ ਦਿੱਤਾ ਦੇਸ਼!*

ਆਖੇ ਹਰ ਕੋਈ ਬੰਦਾ 

ਕਿਤੇ ਦਿਸਦੀ ਨਾ ਅਜਾਦੀ!

ਹੋਈਆਂ ਚੂਰ ਚੂਰ ਆਸਾਂ 

ਚੀਸ ਸੁਣੇ ਨਾ ਕੋਈ ਸਾਡੀ ।

ਡੰਡੇ ਖਾਂਦੇ ਆਂ ਅਸੀਂ ਠਾਣੇਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ,

ਨੀ ਵੱਡੇ ਸਰਮਾਏਦਾਰਾਂ ਦੇ!

ਢੇਰ ਪੜ੍ਹ ਕੇ ਕਿਤਾਬਾਂ,

ਬਣੇ ਅਸੀਂ ਮਜਦੂਰ।

ਲੁੱਟ ਕਿਰਤ ਦੀ ਹੋਵੇ ,

 ਨਾਲੇ ਝੱਲਦੇ ਆਂ ਘੂਰ। 

ਅਸੀਂ ਹੋ ਗਏ ਆਂ ਗੁਲਾਮ ਸ਼ਾਹੂਕਾਰਾਂ ਦੇ! 

ਦੇਸ਼ ਰੱਖਤਾ ਗਹਿਣੇ ਸਰਕਾਰੇ, 

ਨੀ ਵੱਡੇ ਸਰਮਾਏਦਾਰਾਂ ਦੇ! 

ਰੋਲ ਦਿੱਤੇ ਮਜਦੂਰ, 

ਰੋਲ ਦਿੱਤੀ ਆ ਕਿਸਾਨੀ ! 

ਹਿੱਕ ਦੇਸ਼ ਦੀ 'ਤੇ ਬੈਠੇ 

ਵੇਖੋ ਅੰਬਾਨੀ ਤੇ ਅਡਾਨੀ। 

ਘਰ ਵਿਕਣ 'ਤੇ ਆਏ,  ਸਨਅਤਕਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ, ਵੱਡੇ ਸਰਮਾਏਦਾਰਾਂ ਦੇ।

ਲੱਕ ਬੈਂਕਾਂ ਦਾ ਟੁੱਟਾ ,

ਖਾਲੀ ਕਰਤਾ ਖਜਾਨਾ।

ਡਿਫਾਲਟਰ ਭੇਜਤਾ ਵਲੈਤ ,

 ਲੋਕੀਂ ਬਣ ਗਏ ਨਿਸ਼ਾਨਾ 

 ਨੰਗੇ ਫਿਰਦੇ ਨਿਆਣੇ, ਕਬੀਲਦਾਰਾਂ ਦੇ। 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ! 

ਵੇਚ ਦਿੱਤੀਆਂ ਨੇ ਰੇਲਾਂ, 

ਵੇਚ ਦਿੱਤੇ ਨੇ ਜਹਾਜ! 

ਜਿੰਨਾ ਮਰਜੀ ਦਬਾ ਲੈ,

ਬੰਦ ਹੋਣੀ ਨਹੀੰਓ 'ਵਾਜ। 

 ਗੱਲ ਸਮਝ ਆਈ ਸਮਝਦਾਰਾਂ ਦੇ ! 

ਦੇਸ਼ ਰੱਖਤਾ ਗਹਿਣੇ ਸਰਕਾਰੇ ਨੀ ਵੱਡੇ ਸਰਮਾਏਦਾਰਾਂ ਦੇ ।

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020