ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੀ ਨਿੱਤਰੀ ਕਿਸਾਨਾਂ ਦੇ ਹੱਕ ਵਿੱਚ

 ਦਿੱਲੀ ਵਿਖੇ ਧਰਨੇ ਦੌਰਾਨ ਖੇਤੀ ਬਿੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਕਿਸਾਨਾਂ ਨੂੰ ਜਾਗਰੂਕ

ਚੰਡੀਗੜ੍ਹ, ਦਸੰਬਰ  2020  -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਅੱਜ ਦਿੱਲੀ ਵਿਖੇ ਸਾਂਝੇ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਵਫ਼ਦ ਦੀ ਅਗਵਾਈ ਡਾ. ਐਚ ਐਸ ਕਿੰਗਰਾ, ਪਾਉਟਾ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ) ਦੇ ਪ੍ਰਧਾਨ ਨੇ ਕੀਤੀ। ਵਫਦ ਵਿੱਚ ਯੂਨੀਵਰਸਿਟੀ ਦੇ ਕਈ ਅਧਿਆਪਕ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਜਦੋਂ ਤੋਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਹੀ ਪਾਉਟਾ ਕਿਸਾਨੀ ਹਿੱਤਾਂ ਦਾ ਸਮਰਥਨ ਕਰ ਰਿਹਾ ਹੈ। ਯੂਨੀਵਰਸਿਟੀ ਦੇ ਅਧਿਆਪਕ ਇਨਾਂ ਖੇਤੀ ਕਾਨੂੰਨਾਂ ਦੀ ਬਾਰੀਕ ਸੂਝ-ਬੂਝ ਨੂੰ ਸਾਹਮਣੇ ਲਿਆਉਣ ਵਾਲੇ ਲੇਖ ਲਿਖ ਰਹੇ ਹਨ।ਇਨਾਂ ਕਾਨੂੰਨਾਂ ਦਾ ਖੇਤੀ ਅਰਥਚਾਰੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਡਾਕਟਰ ਐਚ ਐਸ ਕਿੰਗਰਾ ਨੇ ਅੱਜ ਦਿੱਲੀ ਵਿਖੇ ਧਰਨੇ ਵਾਲੀ ਥਾਂ 'ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝਾ ਕੀਤਾ। ਉਨ•ਾਂ ਦੱਸਿਆ ਕਿ ਅਤਿ ਦੀ ਠੰਢ ਦੇ ਮੌਸਮ ਵਿੱਚ ਕਿਸਾਨਾਂ ਵੱਲੋਂ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਬਹੁਤ ਵੱਡੀ ਮਿਸਾਲ ਹੈ।ਡਾ ਐਚ ਐਸ ਕਿੰਗਰਾ ਨੇ 8 ਦਸੰਬਰ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਦਿੱਤਾ ਅਤੇ ਭਰੋਸਾ ਦਿੱਤਾ ਕਿ ਇਸ ਦਿਨ ਯੂਨੀਵਰਸਿਟੀ ਦੇ ਅਧਿਆਪਕ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀ ਪੀ.ਏ.ਯੂ. ਕੈਂਪਸ ਵਿਖੇ ਇਕਜੁਟਤਾ ਮਾਰਚ ਕੱਢਣਗੇ ਤਾਂ ਜੋ ਇਹਨਾਂ ਦੀਆਂ ਮੁਸ਼ਕਿਲਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਡਾ. ਕਿੰਗਰਾ ਨੇ ਪਾਉਟਾ ਵੱਲੋਂ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨਾਂ ਦੀ ਹਮਾਇਤ ਕਰਨ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅੜਚਣ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰੇ।