ਭਾਜਪਾ ਦੀ ਕਿਰਨ ਖੇਰ ਨੂੰ ਪ੍ਰਚਾਰ ’ਚ ਬੱਚਿਆਂ ਦੀ ਵਰਤੋਂ ਕਰਨ ’ਤੇ ਨੋਟਿਸ

ਚੰਡੀਗੜ੍ਹ,  ਮਈ  ਭਾਜਪਾ ਦੀ ਚੰਡੀਗੜ੍ਹ ਤੋਂ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕਿਰਨ ਖੇਰ ਨੂੰ ਆਪਣੇ ਹੱਕ ’ਚ ਪ੍ਰਚਾਰ ਕਰਦੇ ਬੱਚਿਆਂ ਦਾ ਵੀਡੀਓ ਟਵਿੱਟਰ ’ਤੇ ਸਾਂਝਾ ਕਰਨਾ ਮਹਿੰਗਾ ਪੈ ਗਿਆ ਹੈ। ਚੋਣ ਕਮਿਸ਼ਨ ਨੇ ਇਸ ਸਬੰਧੀ ਕਿਰਨ ਖੇਰ ਨੂੰ ਨੋਟਿਸ ਜਾਰੀ ਕਰਕੇ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਉਂਜ ਕਿਰਨ ਖੇਰ ਨੇ ਗਲਤੀ ਮੰਨਦਿਆਂ ਕਿਹਾ ਕਿ ਇਹ ‘ਗ਼ੈਰ ਇਰਾਦਤਨ’ ਹੋਇਆ ਹੈ ਅਤੇ ਬੱਚਿਆਂ ਦੀ ਚੋਣ ਪ੍ਰਚਾਰ ’ਚ ਬਿਲਕੁਲ ਵੀ ਵਰਤੋਂ ਨਹੀਂ ਹੋਣੀ ਚਾਹੀਦੀ। ਚੋਣ ਕਮਿਸ਼ਨ ਨੇ 3 ਮਈ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ,‘‘ਤੁਸੀਂ (ਕਿਰਨ) ਟਵਿੱਟਰ ’ਤੇ ਵੀਡੀਓ ਸਾਂਝਾ ਕੀਤਾ ਹੈ ਜਿਸ ’ਚ ਬੱਚੇ ‘ਵੋਟ ਫਾਰ ਕਿਰਨ ਖੇਰ’ ਅਤੇ ‘ਅਬ ਕੀ ਬਾਰ ਮੋਦੀ ਸਰਕਾਰ’ ਦੇ ਨਾਅਰੇ ਲਗਾ ਕੇ ਤੁਹਾਡੇ ਹੱਕ ’ਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ।’’ ਨੋਟਿਸ ’ਚ ਜ਼ਿਕਰ ਕੀਤਾ ਗਿਆ ਹੈ ਕਿ ਬਾਲ ਹੱਕਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਜਨਵਰੀ 2017 ’ਚ ਬੇਨਤੀ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਸੀ ਕਿ ਬੱਚਿਆਂ ਨੂੰ ਚੋਣ ਅਧਿਕਾਰੀਆਂ ਜਾਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਕਿਸੇ ਵੀ ਸਰਗਰਮੀ ’ਚ ਸ਼ਾਮਲ ਨਾ ਕੀਤਾ ਜਾਵੇ। ਨੋਟਿਸ ਮੁਤਾਬਕ ਇਸ ਮਗਰੋਂ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਚੋਣ ਅਧਿਕਾਰੀਆਂ ਨੂੰ ਬੱਚਿਆਂ ਦੀ ਚੋਣਾਂ ਦੌਰਾਨ ਵਰਤੋਂ ਨਾ ਕੀਤੇ ਜਾਣ ਦੀ ਹਦਾਇਤ ਕੀਤੀ ਸੀ। ਬਾਅਦ ’ਚ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਨੋਟਿਸ ਦਾ ਜਵਾਬ ਭੇਜ ਦਿੱਤਾ ਹੈ। ਉਨ੍ਹਾਂ ਕਿਹਾ,‘‘ਕੁਝ ਪਾਰਟੀ ਵਰਕਰਾਂ ਨੇ ਬੱਚਿਆਂ ਦੇ ਨਾਅਰੇ ਵਾਲਾ ਵੀਡੀਓ ਭੇਜਿਆ ਸੀ ਜਿਸ ਨੂੰ ਮੇਰੀ ਸੋਸ਼ਲ ਮੀਡੀਆ ਟੀਮ ਨੇ ਅੱਗੇ ਸ਼ੇਅਰ ਕਰ ਦਿੱਤਾ। ਕਈ ਵਾਰ ਜੋਸ਼ ਅਤੇ ਕੰਮ ਦੇ ਜ਼ੋਰ ਕਰਕੇ ਲੋਕ ਅਜਿਹਾ ਕੁਝ ਕਰ ਜਾਂਦੇ ਹਨ ਜੋ ਗਲਤ ਹੁੰਦਾ ਹੈ। ਬੱਚਿਆਂ ਨੂੰ ਬਿਲਕੁਲ ਵੀ ਨਹੀਂ ਵਰਤਿਆ ਜਾਣਾ ਚਾਹੀਦਾ ਹੈ।