50 ਸਾਲ ਪਹਿਲਾਂ ਸਿੱਖਾਂ ਤਰਸੇਮ ਸਿੰਘ ਸੰਧੂ ਨੇ ਦਸਤਾਰ ਉਤਾਰਨ ਅਤੇ ਦਾੜ੍ਹੀ ਕਟਵਾ ਕੇ ਬੱਸ ਡਰਾਈਵਰੀ ਕਰਨ ਤੋਂ ਕੀਤੀ ਸੀ ਨਾਂਹ

ਲੰਡਨ ਮਈ (ਗਿਆਨੀ ਅਮਰੀਕ ਸਿੰਘ ਰਾਠੋਰ  )- ਬਰਤਾਨੀਆ ਵਿਚ ਸਿੱਖ ਅੱਜ ਜਿਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ ਉਸ ਲਈ ਉਨ੍ਹਾਂ ਦੇ ਵਡੇਰਿਆਂ ਨੇ ਵੱਡੀਆਂ ਲੜਾਈਆਂ ਲੜੀਆਂ ਹਨ | ਦੋਵੇਂ ਵਿਸ਼ਵ ਜੰਗਾਂ ਵਿਚ ਹਜ਼ਾਰਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਰਤਾਨੀਆ ਵਿਚ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਦੀ ਹੋਂਦ ਕਾਇਮ ਰੱਖਣ ਲਈ ਵੱਡੇ ਸੰਘਰਸ਼ ਕਰਨੇ ਪਏ ਸਨ | 50 ਸਾਲ ਪਹਿਲਾਂ ਇੰਗਲੈਂਡ ਦੇ ਵੁਲਵਰਹੈਂਪਟਨ ਸ਼ਹਿਰ ਦੀਆਾ ਬੱਸਾਾ ਵਿਚ ਕੰਮ ਕਰਨ ਵਾਲੇ ਸਿੱਖਾਾ ਨੇ ਦਸਤਾਰ ਸਜਾਉਣ ਦਾ ਅਧਿਕਾਰ ਹਾਸਲ ਕੀਤਾ ਸੀ | ਇਹ ਲੜਾਈ ਉਸ ਸਮੇਂ ਸ਼ੁਰੂ ਹੋਈ ਜਦੋਂ ਤਰਸੇਮ ਸਿੰਘ ਸੰਧੂ ਨੇ ਆਪਣੀ ਦਸਤਾਰ ਲਾਹੁਣ ਅਤੇ ਦਾੜ੍ਹੀ ਕਟਵਾਉਣ ਤੋਂ ਨਾਂਹ ਕਰ ਦਿੱਤੀ | ਉਸ ਸਮੇਂ ਦਸਤਾਰ ਬੰਨ੍ਹਣ ਵਾਲੇ ਦਾ ਗੈਰ ਸਿੱਖ ਹੀ ਨਹੀਂ ਬਲਕਿ ਨਾਲ ਦੇ ਸਾਥੀ ਵੀ ਕਈ ਵਾਰ ਮਜ਼ਾਕ ਉਡਾਉਂਦੇ ਸਨ | ਦਸਤਾਰ ਨੂੰ ਲੈ ਕੇ ਜਦੋਂ ਵਿਵਾਦ ਵਧਿਆ ਤਾਂ ਸ਼ਹਿਰ ਦੇ ਸੰਸਦ ਮੈਂਬਰ ਈਨੋਚ ਪੋਵੈਲ ਨੇ ਵਿਵਾਦਿਤ ਬਿਆਨ ਦੇ ਕੇ ਬਲਦੀ 'ਤੇ ਤੇਲ ਪਾਇਆ | ਉਸ ਸਮੇਂ ਬਰਤਾਨੀਆ ਵਿਚ ਨਸਲਵਾਦ ਦਾ ਬੋਲਬਾਲਾ ਸੀ, ਬੀ ਬੀ ਸੀ ਨੂੰ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਸਮੇਂ ਮੈਂ ਕਿਸੇ ਨੂੰ ਵੁਲਵਰਹੈਂਪਟਨ ਵਿਚ ਦਸਤਾਰ ਸਜਾਈ ਨਹੀਂ ਦੇਖੀ ਸੀ | ਨੌਕਰੀ ਲਈ ਸਿੱਖ ਵੀ ਵਾਲ ਕਟਵਾ ਦਿੰਦੇ ਸਨ | ਉਨ੍ਹਾਂ ਕਿਹਾ ਕਿ 23 ਸਾਲ ਦੀ ਉਮਰ ਵਿਚ ਉਸ ਨੇ ਵੁਲਵਰਹੈਂਪਟਨ ਟਰਾਾਸਪੋਰਟ ਕੰਪਨੀ ਨਾਲ ਬੱਸ ਡਰਾਈਵਰ ਵਜੋਂ ਕੰਮ ਸ਼ੁਰੂ ਕੀਤਾ | ਉਸ ਵੇਲੇ ਇਸ ਕੰਪਨੀ ਵਿਚ 823 ਡਰਾਈਵਰ ਸਨ, ਜਿਨ੍ਹਾਾ 'ਚੋਂ 411 ਭਾਰਤੀ ਸਨ | ਉਸ ਵੇਲੇ ਸਭ ਨੇ ਵਰਦੀ ਦੇ ਨਿਯਮਾਾ ਅਨੁਸਾਰ ਕੰਮ 'ਤੇ ਦਾੜ੍ਹੀ ਮੁੰਨ ਕੇ ਅਤੇ ਟੋਪੀ ਪਾ ਕੇ ਕੰਮ ਕਰਨ ਵਾਲੇ ਦਸਤਾਵੇਜ਼ ਉੱਤੇ ਦਸਤਖ਼ਤ ਕਰ ਦਿੱਤੇ | ਉਨ੍ਹਾਾ 'ਚੋਂ ਕਿਸੇ ਨੇ ਵੀ ਪੱਗ ਨਹੀਂ ਬੰਨ੍ਹੀ ਹੋਈ ਸੀ | ਸਾਲ 1967 'ਚ ਥੋੜ੍ਹੀ ਬਿਮਾਰੀ ਤੋਂ ਬਾਅਦ ਤਰਸੇਮ ਸਿੰਘ ਕੰਮ 'ਤੇ ਦਸਤਾਰ ਬੰਨ੍ਹ ਕੇ ਅਤੇ ਦਾੜ੍ਹੀ ਵਧਾ ਕੇ ਪਰਤਿਆ | ਉਸ ਨੇ ਫ਼ੈਸਲਾ ਕੀਤਾ ਕਿ ਬੱਸ ਡਰਾਈਵਰ ਦੀ ਨੌਕਰੀ ਲਈ ਆਪਣੇ ਧਰਮ ਵਿਰੁੱਧ ਨਹੀਂ ਜਾਣਗੇ | ਉਸ ਨੂੰ ਘਰ ਜਾ ਕੇ ਸ਼ੇਵ ਕਰ ਕੇ ਆਉਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ | ਉਨ੍ਹਾਾ ਕਿਹਾ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਵਿਵਾਦ ਏਨਾ ਵੱਡਾ ਹੋ ਜਾਵੇਗਾ ਕਿਉਂਕਿ ਮੈਂ ਕੁਝ ਵੀ ਗ਼ਲਤ ਨਹੀਂ ਕਰ ਰਿਹਾ ਸੀ | 1967 ਵਿਚ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਯੂਨੀਅਨ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਿਆਂ ਦਾ ਸਮਰਥਨ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ | ਕੁਝ ਸਿੱਖਾਂ ਨੇ ਮੇਰਾ ਸਹਿਯੋਗ ਦਿੱਤਾ | ਕੁਝ ਲੋਕਾਾ ਨੇ ਸੋਚਿਆ ਕਿ ਉਹ ਕੰਮ ਲਈ ਇੱਥੇ ਆਏ ਹਨ ਅਤੇ ਇਹ ਨੌਜਵਾਨ ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਕਰ ਰਿਹਾ ਹੈ | ਇਸ ਮੁਹਿੰਮ ਲਈ ਸ਼੍ਰੋਮਣੀ ਅਕਾਲੀ ਦਲ ਵੱਲ ਰੁਖ਼ ਕੀਤਾ ਅਤੇ ਯੂ ਕੇ ਵਿਚ ਇਸ ਦੇ ਪ੍ਰਧਾਨ ਸੋਹਣ ਸਿੰਘ ਜੌਲੀ ਸਨ, ਉਹ ਬਹੁਤ ਮਜ਼ਬੂਤ ਸ਼ਖ਼ਸੀਅਤ ਅਤੇ ਸਿੱਖੀ ਦਾ ਪਾਲਨ ਕਰਨ ਵਾਲੇ ਸੀ | ਉਹ ਕੀਨੀਆ ਵਿਚ ਬਰਤਾਨਵੀ ਰਾਜ ਵਿਚ ਪੁਲਿਸ ਇੰਸਪੈਕਟਰ ਵੀ ਰਹੇ ਸਨ | ਵੁਲਵਰਹੈਂਪਟਨ ਵਿਚ ਇਨ੍ਹਾਂ ਹੱਕਾਂ ਲਈ ਕੀਤੇ ਸੰਘਰਸ਼ 'ਚ 6000 ਸਿੱਖਾਾ ਨੇ ਦੇਸ਼ ਭਰ ਵਿਚ ਮਾਰਚ ਕੀਤਾ ਅਤੇ ਬਦਲਾਅ ਦੀ ਮੰਗ ਕੀਤੀ | ਤਰਸੇਮ ਸਿੰਘ ਅਤੇ ਸੋਹਣ ਸਿੰਘ ਜੌਲੀ ਦੇ ਸਮਰਥਨ ਵਿਚ ਦਿੱਲੀ ਵਿਚ 50,000 ਸਿੱਖਾਂ ਨੇ ਮਾਰਚ ਕੀਤਾ | ਜੌਲੀ ਨੇ ਖ਼ੁਦ ਨੂੰ ਅੱਗ ਲਾਉਣ ਦੀ ਧਮਕੀ ਤੱਕ ਦੇ ਦਿੱਤੀ ਅਤੇ ਮੰਗ ਮਨਵਾਉਣ ਲਈ 30 ਅਪ੍ਰੈਲ 1969 ਤੱਕ ਦਾ ਸਮਾਂ ਦਿੱਤਾ | ਵੁਲਵਰਹੈਂਟਨ ਟਰਾਂਸਪੋਰਟ ਕਮੇਟੀ ਦੇ ਚੇਅਰਮੈਨ ਰੌਨ ਗਫ਼ ਨੇ ਬੀ ਬੀ ਸੀ ਨੂੰ 1968 ਵਿਚ ਕਿਹਾ ਸੀ ਕਿ ਦਸਤਾਰ ਕਦੇ ਵੀ ਵੁਲਵਰਹੈਂਪਟਨ ਬੱਸਾਂ ਵਿਚ ਨਹੀਂ ਦੇਖੀ ਜਾਏਗੀ | ਪਰ ਸਿੱਖਾਂ ਦੇ ਦਬਾਅ ਕਾਰਨ 9 ਅਪ੍ਰੈਲ, 1969 ਨੂੰ ਦਸਤਾਰ ਉੱਤੇ ਪਾਬੰਦੀ ਹਟਾ ਦਿੱਤੀ ਗਈ ਅਤੇ ਅੱਜ ਬਰਤਾਨੀਆ ਦੀ ਹਰ ਥਾਂ 'ਤੇ ਦਸਤਾਰ ਬੰਨ੍ਹ ਕੇ ਕੰਮ ਕਰਨ ਦੀ ਇਜਾਜ਼ਤ ਹੈ | ਸਿੱਖਾਂ ਦੇ ਹੱਕਾਂ ਲਈ ਲੜੇ ਸੰਘਰਸ਼ 'ਚ ਤਰਸੇਮ ਸਿੰਘ ਸੰਧੂ ਅਤੇ ਸੋਹਣ ਸਿੰਘ ਜੌਲੀ ਅਤੇ ਸਾਥੀਆਂ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੂੰ ਸਿੱਖਾਂ ਦੇ ਵਿਰਾਸਤੀ ਮਹੀਨਾ ਮਨਾਉਂਦਿਆਂ ਯਾਦ ਕੀਤਾ ਜਾ ਰਿਹਾ ਹੈ |