ਲੰਡਨ,ਨਵੰਬਰ ਗਿਆਨੀ ਰਵਿੰਦਰਪਾਲ ਸਿੰਘ
ਯੂਕੇ ਕੋਵਿਡ-19 ਕਰੋਨਾ ਵਾਇਰਸ ਨਾਲ ਕੁੱਲ ਮੌਤਾਂ ਦੀ ਗਿਣਤੀ 50 ਹਜ਼ਾਰ ਪਾਰ ਕਰਨ ਵਾਲਾ ਪਹਿਲਾ ਯੂਰਪੀ ਅਤੇ ਦੁਨੀਆਂ ਦਾ ਪੰਜਵਾਂ ਮੁਲਕ ਬਣ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਹੈ, ‘‘ਸਾਨੂੰ ਹਰੇਕ ਮੌਤ ਦਾ ਗ਼ਮ ਹੈ।’’
ਸਰਕਾਰ ਵਲੋਂ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 12,56,725 ਲੋਕ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ ਹਨ। ਇਸ ਹਫ਼ਤੇ ਵਿੱਚ ਹੀ 22,950 ਨਵੇਂ ਕੇਸ ਆਏ ਹਨ। ਕਰੋਨਾਵਾਇਰਸ ਨਾਲ ਬੁੱਧਵਾਰ ਨੂੰ ਇਸ ਹਫ਼ਤੇ ਦੀਆਂ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ 595 ਨਵੀਆਂ ਮੌਤਾਂ ਨਾਲ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ 50,365 ਹੋ ਗਈ ਹੈ। ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਮੈਕਸਿਕੋ ਤੋਂ ਬਾਅਦ ਯੂਕੇ 50 ਹਜ਼ਾਰ ਮੌਤਾਂ ਦਾ ਅੰਕੜਾ ਪਾਰ ਕਰਨ ਵਾਲਾ ਪੰਜਵਾਂ ਮੁਲਕ ਬਣ ਗਿਆ ਹੈ। ਜੌਹਨਸਨ ਨੇ ਕਿਹਾ, ‘‘ਸਾਨੂੰ ਹਰੇਕ ਮੌਤ ਦਾ ਗ਼ਮ ਹੈ ਅਤੇ ਪੀੜਤ ਪਰਿਵਾਰਾਂ ਅਤੇ ਸਨੇਹੀਆਂ ਨਾਲ ਅਸੀਂ ਹਮਦਰਦੀ ਪ੍ਰਗਟਾਉਂਦੇ ਹਾਂ।’’