ਬਾਦਲ ਸਣੇ 76 ਉਮੀਦਵਾਰਾਂ ਦੇ ਪਰਚੇ ਹੋਏ ਰੱਦ

ਚੰਡੀਗੜ੍ਹ,  ਅਪਰੈਲ ਪੰਜਾਬ ਵਿੱਚ ਅੱਜ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 12 ਸੰਸਦੀ ਹਲਕਿਆਂ (ਆਨੰਦਪੁਰ ਸਾਹਿਬ ਨੂੰ ਛੱਡ ਕੇ) ਤੋਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰਾਂ ਵਜੋਂ ਨਾਮਜ਼ਗੀਆਂ ਦਾਖ਼ਲ ਕਰਨ ਵਾਲੀਆਂ ਸਿਆਸੀ ਹਸਤੀਆਂ ਤੇ ਸਿਆਸਤਦਾਨਾਂ ਦੇ ਸਕੇ-ਸਬੰਧੀਆਂ ਦੇ ਪਰਚੇ ਰੱਦ ਹੋ ਗਏ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ ਤੇ ਉਨ੍ਹਾਂ ਦੇ ਕਾਗਜ਼ ਅੱਜ ਪੜਤਾਲ ਦੌਰਾਨ ਰੱਦ ਹੋ ਗਏ। ਹਾਲਾਂਕਿ ਰਾਜਸੀ ਹਲਕਿਆਂ ਵਿੱਚ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਵੱਡੇ ਬਾਦਲ ਆਪਣੀ ਨੂੰਹ ਦੀ ਥਾਂ ਬਠਿੰਡਾ ਸੰਸਦੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵੀ ਹੋ ਸਕਦੇ ਹਨ। ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਦੇ ਪਰਚੇ ਵੀ ਰੱਦ ਹੋ ਗਏ। ਜਲੰਧਰ, ਫਤਿਹਗੜ੍ਹ ਸਾਹਿਬ, ਸੰਗਰੂਰ, ਹੁਸ਼ਿਆਰਪੁਰ, ਖਡੂਰ ਸਹਿਬ ਤੇ ਹੋਰਨਾਂ ਹਲਕਿਆਂ ਤੋਂ ਵੀ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ।
ਪੰਜਾਬ ਦੇ 13 ਸੰਸਦੀ ਹਲਕਿਆਂ ਲਈ ਕੁੱਲ 385 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ ਅਤੇ ਅੱਜ ਪੜਤਾਲ ਦੌਰਾਨ 12 ਹਲਕਿਆਂ ਤੋਂ 76 ਕਾਗਜ਼ ਰੱਦ ਹੋਏ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰਦਾਸਪੁਰ ਹਲਕੇ ਤੋਂ 23 ਨਾਮਜ਼ਦਗੀਆਂ ਦਾਖ਼ਲ ਹੋਈਆਂ ਤੇ ਅੱਜ ਸੱਤ ਰੱਦ ਹੋ ਗਈਆਂ। ਅੰਮ੍ਰਿਤਸਰ ਵਿੱਚ 37 ਨਾਮਜ਼ਦਗੀਆਂ ਵਿੱਚੋਂ ਸੱਤ ਰੱਦ ਹੋਈਆਂ, ਖਡੂਰ ਸਾਹਿਬ ’ਚ 32 ਵਿੱਚੋਂ 10, ਜਲੰਧਰ (ਰਾਖਵਾਂ) ਵਿੱਚ 27 ’ਚੋਂ ਸੱਤ, ਹੁਸ਼ਿਆਰਪੁਰ (ਰਾਖਵਾਂ) ਵਿਚ 15 ਵਿੱਚੋਂ ਸੱਤ, ਫਤਹਿਗੜ੍ਹ ਸਹਿਬ (ਰਾਖਵਾਂ) ’ਚ 31 ’ਚੋਂ ਨੌਂ, ਫ਼ਰੀਦਕੋਟ (ਰਾਖਵਾਂ) ’ਚ 28 ਵਿੱਚੋਂ ਚਾਰ, ਫਿਰੋਜ਼ਪੁਰ ’ਚ 27 ਵਿੱਚੋਂ ਪੰਜ, ਬਠਿੰਡਾ ਵਿੱਚ 36 ਵਿੱਚੋਂ ਛੇ, ਸੰਗਰੂਰ ਵਿੱਚ 32 ਵਿੱਚੋਂ ਚਾਰ, ਪਟਿਆਲਾ ਵਿੱਚ 33 ਵਿੱਚੋਂ ਤਿੰਨ, ਲੁਧਿਆਣਾ ’ਚ 28 ’ਚੋਂ ਸੱਤ ਨਾਮਜ਼ਦਗੀਆਂ ਰੱਦ ਹੋਈਆਂ ਹਨ।