ਆਹ! ਕਮਲਾ ਹੈਰਿਸ
- ਭਾਰਤੀ ਮੂਲ ਦੀ ਔਰਤ ਕਮਲਾ ਦੇਵੀ ਹੈਰਿਸ ਸੰਸਾਰ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਪਹਿਲੀ ਔਰਤ ਹੈ ਜੋ ਪਹਿਲੀ ਵਾਰੀ ਉਪ-ਰਾਸ਼ਟਰਪਤੀ ਚੁਣੀ ਗਈ ਹੈ, ਜੋ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਦਾ ਅਮਰੀਕਾ ਵਿਚ ਉੱਪ-ਰਾਸ਼ਟਰਪਤੀ ਬਣਨਾ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਕੰਮ ਅਤੇ ਗੁਣਾਂ ਦੀ ਕਦਰ ਕਰਦਾ ਹੈ, ਭਾਰਤ ਵਾਗੂੰ ਧਰਮ ਅਤੇ ਜਾਤ ਦੇ ਆਧਾਰਿਤ ਨਾ ਤਾਂ ਅਹੁਦੇਦਾਰੀਆਂ ਵੰਡੀਆਂ ਜਾਂਦੀਆਂ ਹਨ ਅਤੇ ਨਾ ਹੀ ਦੇਸ਼ ਦੇ ਮਹੱਤਵਪੂਰਨ ਸਰਕਾਰੀ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਭਾਰਤੀ ਸੰਵਿਧਾਨ ਵਿਚ ਦੇਸ਼ ਨੂੰ ਇਕ ਧਰਮ ਨਿਰਪੱਖ ਦੇਸ਼ ਮੰਨਿਆ ਗਿਆ ਹੈ, ਪਰ ਇਥੇ ਧਰਮ ਅਤੇ ਜਾਤ-ਪਾਤ ਦੇ ਨਾਂ 'ਤੇ ਜਿੰਨੀ ਕੱਟੜਵਾਦੀ ਸੋਚ ਹੈ ਜੇ ਇੰਨੀ ਕੱਟੜਤਾ ਅਮਰੀਕਾ ਵਿਚ ਹੁੰਦੀ ਤਾਂ ਸ਼ਾਇਦ ਕਮਲਾ ਹੈਰਿਸ ਦਾ ਉਥੋਂ ਦੀ ਉਪ ਰਾਸ਼ਟਰਪਤੀ ਨਾ ਬਣ ਸਕਦੀ, ਹਾਲਾਂਕਿ ਉਸ ਦਾ ਸੁਪਨਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ ਸਾਕਾਰ ਨਹੀਂ ਹੋਇਆ। 20 ਅਕਤੂਬਰ, 1964 ਨੂੰ ਅਮਰੀਕਾ ਦੇ ਆਕਲੈੰਡ, ਕੈਲੇਫੋਰਨੀਆ ਵਿੱਚ ਪੈਦਾ ਹੋਈ ਕਮਲ ਹੈਰਿਸ ਦਾ ਅਮਰੀਕਾ ਵਿਚ ਉਥੋਂ ਦੇ ਕਿਸੇ ਵੀ ਧਾਰਮਿਕ ਗੁਰੂ ਵਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਨਾ ਹੀ ਉਸ ਨੂੰ ਕਿਸੇ ਸ਼ੰਕਰਾਚਾਰੀਆ ਜਾਂ ਧਰਮ ਦਾ ਏਜੰਟ ਸਮਝਿਆ, ਨਾ ਕਿਸੇ ਅੰਗਰੇਜ ਨੇ ਉਸ ਦੇ ਵਿਰੁੱਧ ਅਵਾਜ ਉਠਾਈ, ਨਾ ਹੀ ਉਥੋਂ ਦੇ ਲੋਕਾਂ ਅਤੇ ਨਾ ਹੀ ਸਿਆਸਤਦਾਨਾਂ ਨੇ ਉਸ ਨੂੰ ਵਿਦੇਸ਼ੀ ਮੂਲ ਦਾ ਮੁੱਦਾ ਉਠਾਕੇ ਉਸਦੇ ਵਿਰੁੱਧ ਰਾਸ਼ਟਰਵਾਦ ਉਪਰ ਪ੍ਰਸ਼ਨ ਚਿੰਨ੍ਹ ਲਗਾਇਆ ਜਦ ਕਿ ਭਾਰਤ ਵਿਚ ਤਾਂ ਧਰਮ ਅਤੇ ਜਾਤ ਤੋਂ ਬਾਹਰ ਜਾ ਕੇ ਜੇ ਕੋਈ ਆਮ ਵਰਗ ਦਾ ਕੁੜੀ-ਮੁੰਡਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਨੋਂ ਮਾਰਨ ਤੱਕ ਨੌਬਤ ਆ ਜਾਂਦੀ ਹੈ, ਕੁੱਟ ਮਾਰ ਕਰਨਾ ਤਾਂ ਇੱਕ ਆਮ ਗੱਲ ਹੈ, ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਜਾਂਦਾ ਹੈ, ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਕੁੜੀ-ਮੁੰਡੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਉਪਰ ਤਸ਼ੱਦਦ ਢਾਹਿਆ ਜਾਂਦਾ ਹੈ ਅਤੇ ਘਰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਨਾਲ ਅੱਜ ਦੇਸ਼ ਵਿੱਚ ਜੋ ਵਿਤਕਰਾ ਅਤੇ ਪੱਖਪਾਤ ਕੀਤਾ ਜਾ ਰਿਹਾ ਹੈ ਧਾਰਮਿਕ ਕੱਟੜਤਾ ਦਾ ਸਬੂਤ ਹੈ। ਭਾਰਤ ਅਤੇ ਅਮਰੀਕਾ ਵਿਚ ਜੋ ਬਾਈਡਨ ਨੂੰ ਹਰਾਉਣ ਲਈ ਅਤੇ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਹਵਨ ਕੀਤੇ ਗਏ, ਪਰ ਅਮਰੀਕਾ ਦੇ ਚੇਤੰਨ ਵੋਟਰਾਂ ਉਪਰ ਕੋਈ ਵੀ ਅਸਰ ਨਹੀਂ ਹੋਇਆ, ਕਿਉਂਕਿ ਅਮਰੀਕੀ ਲੋਕ ਟਰੰਪ ਵਲੋਂ ਕੀਤੇ ਕੰਮਾਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਖੁਸ਼ ਨਹੀਂ ਸਨ।
ਭਾਰਤ ਦੇ ਆਮ ਵਰਗ ਦੇ ਲੋਕਾਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕਮਲਾ ਹੈਰਿਸ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਈਡਨ ਨੂੰ ਵਿਸ਼ਵਾਸ ਵਿਚ ਲੈ ਕੇ ਭਾਰਤ ਪ੍ਰਤੀ ਆਪਣੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਨੀਤੀਆਂ ਵਿੱਚ ਭਰਾਤਰੀ ਅਤੇ ਉਸਾਰੂ ਭਾਵਨਾਵਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਭਾਰਤੀ ਸਿਆਸਤਦਾਨਾਂ ਵਾਂਗੂੰ ਦਿਲ ਵਿਚ ਵਿਰੋਧਾਭਾਸ ਨਹੀਂ ਰੱਖੇਗੀ। ਕਮਲ ਹੈਰਿਸ ਭਾਵੇਂ ਖੁਦ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਲਈ ਕਤਾਰ ਵਿਚ ਲੱਗੀ ਹੋਣ ਕਾਰਨ ਜੋ ਬਾਈਡਨ ਦੀ ਵਿਰੋਧੀ ਸੀ ਪਰ ਬਾਅਦ ਵਿਚ ਉਪ ਰਾਸ਼ਟਰਪਤੀ ਦੇ ਅਹੁਦਾ ਪਾਉਣ ਲਈ ਆਪਣਾ ਸਿਆਸੀ ਵਿਰੋਧ ਛੱਡ ਕੇ ਬਾਈਡਨ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਹੋਈ ਭਾਰਤ ਪ੍ਰਤੀ ਅਮਰੀਕਾ ਦਾ ਰਵੱਈਆ ਉਸਾਰੂ ਰੱਖੇਗੀ।
-ਸੁਖਦੇਵ ਸਲੇਮਪੁਰੀ
09780620233
8 ਨਵੰਬਰ, 2020