ਅੰਮ੍ਰਿਤਸਰ,ਨਵੰਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )-
ਸਾਕਾ ਨੀਲਾ ਤਾਰਾ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚਲੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਫ਼ੌਜ ਵੱਲੋਂ ਚੁੱਕਿਆ ਤੇ ਫਿਰ ਵਾਪਸ ਕੀਤਾ ਗਿਆ ਅਮੁੱਲਾ ਖਜ਼ਾਨਾ ਅਤੇ 328 ਲਾਪਤਾ ਸਰੂਪਾਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲੋਂ ਜਵਾਬ ਮੰਗਣ ਲਈ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਅੱਜ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ’ਚ ਧਰਨਾ ਦਿੱਤਾ ਗਿਆ।
ਸਵੇਰੇ 11 ਵਜੇ ਤੋਂ 3 ਵਜੇ ਤੱਕ 4 ਘੰਟੇ ਚੱਲੇ ਇਸ ਧਰਨੇ ਵਿੱਚ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਵੱਲੋਂ ਜਵਾਬ ਦੇਣ ਲਈ ਕੋਈ ਵੀ ਨਹੀਂ ਪੁੱਜਿਆ। ਧਰਨੇ ਦੀ ਸਪਾਪਤੀ ਕਰਦਿਆਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਹਾਕਮਾਂ ਤੋਂ ਜਵਾਬ ਮਿਲਣ ਤੱਕ ਇਹ ਸਿਲਸਿਲਾ ਜਾਰੀ ਰਹੇਗਾ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਪੰਥਕ ਅਕਾਲੀ ਲਹਿਰ ਦੇ ਝੰਡੇ ਹੇਠ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨ ਇੱਥੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਇਕੱਠੇ ਹੋਏ ਅਤੇ ਮਾਰਚ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜੇ, ਜਿੱਥੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ’ਚ ਧਰਨਾ ਦਿੱਤਾ ਗਿਆ। ਧਰਨੇ ਵਿੱਚ ਅਕਾਲੀ ਦਲ ਡੈਮੋਕ੍ਰੇਟਿਕ ਦੇ ਭਾਈ ਮੋਹਕਮ ਸਿੰਘ, ਜਸਬੀਰ ਸਿੰਘ ਘੁੰਮਣ, ਸਤਨਾਮ ਸਿੰਘ ਮਨਾਵਾ, ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ ਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਸ਼ਾਮਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ ਪਰ ਮੌਕੇ ’ਤੇ ਹਾਜ਼ਰ ਪੁਲੀਸ ਨੇ ਮਾਮਲੇ ’ਚ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ।
ਭਾਈ ਰਣਜੀਤ ਸਿੰਘ ਨੇ ਆਖਿਆ ਕਿ ਉਹ ਅੱਜ ਦਸਤਾਵੇਜ਼ੀ ਸਬੂਤ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਜਵਾਬ ਮੰਗਣ ਆਏ ਹਨ। ਉਹ ਸੰਗਤ ਦੇ ਸਵਾਲਾਂ ਦੇ ਜਵਾਬ ਸੰਗਤ ਵਿੱਚ ਆ ਕੇ ਦੇਣ। ਉਨ੍ਹਾਂ ਕਿਹਾ ਭਾਰਤੀ ਫ਼ੌਜ ਦਾ ਦਾਅਵਾ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਵਿੱਚੋਂ ਚੁੱਕਿਆ ਅਮੁੱਲਾ ਖਜ਼ਾਨਾ, ਜਿਸ ਵਿੱਚ 200 ਸਰੂਪ (ਕਈ ਹੱਥ ਲਿਖਤ ਪਾਵਨ ਸਰੂਪਾਂ ਸਮੇਤ) ਤੇ ਗੁਰੂ ਸਾਹਿਬ ਵੇਲੇ ਦੇ 28 ਹੁਕਮਨਾਮੇ ਤੇ ਸਾਖੀਆ ਆਦਿ ਸ਼ਾਮਲ ਹਨ, ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਚੁੱਕੇ ਹਨ। ਇਸ ਸਬੰਧ ’ਚ ਸ਼੍ਰੋਮਣੀ ਕਮੇਟੀ ਵੱਲੋਂ ਵਸੂਲ ਕੀਤੇ ਸਾਮਾਨ ਦੀਆਂ ਰਸੀਦਾਂ ਵੀ ਹਨ। ਹਾਈ ਕੋਰਟ ਵੀ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਕੋਲੋਂ ਜਵਾਬ ਮੰਗ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਅਦਾਲਤ ਵਿੱਚ ਵੀ ਕੋਈ ਜਵਾਬ ਨਹੀਂ ਦਿੱਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਹੁਣ ਲਾਪਤਾ ਹੋਏ 328 ਸਰੂਪਾਂ ਬਾਰੇ ਵੀ ਕੋਈ ਜਾਣਕਾਰੀ ਨਹੀ ਦਿੱਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋ ਜਾਂਚ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਹਰ ਸਫ਼ੇ ’ਤੇ ਜਾਂਚ ਟੀਮ ਦੇ ਦਸਤਖ਼ਤ ਹਨ ਪਰ ਸ਼੍ਰੋਮਣੀ ਕਮੇਟੀ ਨੇ ਜੋ ਜਾਂਚ ਟੀਮ ਜਨਤਕ ਕੀਤੀ ਹੈ, ਉਸ ਦੇ ਸਿਰਫ ਆਖਰੀ ਸਫ਼ੇ ’ਤੇ ਹੀ ਦਸਤਖ਼ਤ ਹਨ। ਇਸੇ ਦੌਰਾਨ ਉਨ੍ਹਾਂ ਸੰਗਤ ਨੂੰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਨੂੰ ਬਾਦਲਕਿਆਂ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਦਾ ਸੱਦਾ ਦਿੰਦਿਆਂ ਪਿੰਡਾਂ ’ਚ ਉਨ੍ਹਾਂ ਦਾ ਬਾਈਕਾਟ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਏ।
ਓਧਰ ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਲਾਏ ਦੋਸ਼ ਨਕਾਰੇ
ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਧਰਨੇ ਦੌਰਾਨ ਲਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਸੰਗਤ ਨੂੰ ਗੁਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਹੈ। ਉਨ੍ਹਾਂ ਆਖਿਆ ਕਿ ਲਾਪਤਾ ਸਰੂਪ ਮਾਮਲੇ ’ਚ ਅਸਲ ਜਾਂਚ ਰਿਪੋਰਟ ਕੁਝ ਹੋਰ ਹੋਣ ਬਾਰੇ ਲਾਏ ਗਏ ਦੋਸ਼ ਵੀ ਝੂਠੇੇ ਹਨ, ਕਿਉਂਕਿ ਗੱਲਾਂ ਨਾਲ ਰਿਪੋਰਟ ਗਲਤ ਸਾਬਤ ਨਹੀਂ ਕੀਤੀ ਜਾ ਸਕਦੀ।