ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ 32 ਸਾਲ ਬਾਅਦ ਚੋਟੀ 'ਤੇ

ਸਾਊਥੈਂਪਟਨ, ਨਵੰਬਰ 2020 -(ਗਿਆਨੀ ਰਾਵਿਦਰਪਾਲ ਸਿੰਘ)-

 ਸਾਊਥੈਂਪਟਨ ਦੀ ਟੀਮ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਵਿਚ ਨਿਊਕੈਸਲ ਨੂੰ 2-0 ਨਾਲ ਹਰਾ ਕੇ 1988 ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਦੀ ਸਿਖ਼ਰਲੀ ਫੁੱਟਬਾਲ ਲੀਗ ਦੀ ਅੰਕ ਸੂਚੀ ਵਿਚ ਪਹਿਲੇ ਸਥਾਨ 'ਤੇ ਪੁੱਜ ਗਈ। ਸਾਊਥੈਂਪਟਨ ਦੇ ਜ਼ਖ਼ਮੀ ਚੋਟੀ ਦੇ ਸਕੋਰਰ ਡੇਨੀ ਇੰਗਸ ਦੀ ਗ਼ੈਰਮੌਜੂਦਗੀ ਵਿਚ ਸਟ੍ਰਾਈਕਰ ਚੇ ਐਡਮਜ਼ (ਸੱਤਵੇਂ ਮਿੰਟ) ਤੇ ਮਿਡਫੀਲਡਰ ਸਟੂਅਰਟ ਆਰਮਸਟ੍ਰਾਂਗ (82ਵੇਂ ਮਿੰਟ) ਨੇ ਗੋਲ ਕੀਤੇ। ਸੈਸ਼ਨ ਦੀ ਸ਼ੁਰੂਆਤ ਲਗਾਤਾਰ ਦੋ ਹਾਰਾਂ ਨਾਲ ਕਰਨ ਤੋਂ ਬਾਅਦ ਸਾਊਂਥੈਂਪਟਨ ਨੇ ਪਿਛਲੇ ਛੇ ਵਿਚੋਂ ਪੰਜ ਮੈਚ ਜਿੱਤੇ ਹਨ ਜਦਕਿ ਚੇਲਸੀ ਖ਼ਿਲਾਫ਼ ਡਰਾਅ ਖੇਡਿਆ। ਬਿਹਤਰ ਗੋਲ ਫ਼ਰਕ ਕਾਰਨ ਲਿਵਰਪੂਲ ਤੋਂ ਅੱਗੇ ਚੱਲ ਰਹੀ ਸਾਊਥੈਂਪਟਨ ਦੀ ਟੀਮ 32 ਸਾਲ ਪਹਿਲਾਂ ਇੰਗਲੈਂਡ ਦੀ ਅੰਕ ਸੂਚੀ ਵਿਚ ਚੋਟੀ 'ਤੇ ਪੁੱਜੀ ਜਦ 1988-89 ਮੁਹਿੰਮ ਦੀ ਸ਼ੁਰੂਆਤ ਉਸ ਨੇ ਲਗਾਤਾਰ ਤਿੰਨ ਜਿੱਤਾਂ ਨਾਲ ਕੀਤੀ ਸੀ। ਇਕ ਹੋਰ ਮੈਚ ਵਿਚ ਬਰਨਲੇ ਤੇ ਬ੍ਰਾਈਟਨ ਦਾ ਮੁਕਾਬਲਾ ਗੋਲਰਹਿਤ ਡਰਾਅ 'ਤੇ ਸਮਾਪਤ ਹੋਇਆ। ਬਰਨਲੇ ਦੀ ਟੀਮ ਮੌਜੂਦਾ ਸੈਸ਼ਨ ਵਿਚ ਹੁਣ ਤਕ ਇਕ ਵੀ ਜਿੱਤ ਦਰਜ ਨਹੀਂ ਕਰ ਸਕੀ। ਟੀਮ ਦੇ ਸੱਤ ਮੈਚਾਂ ਵਿਚ ਦੋ ਅੰਕ ਹਨ।