You are here

ਨਗਰ ਨਿਗਮ ਕਮਿਸ਼ਨਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ  ਨੂੰ ਹਦਾਇਤਾਂ ਜਾਰੀ

ਕਿਹਾ! ਸਵੇਰੇ 9 ਤੋ 11 ਵਜੇ ਤੱਕ ਆਮ ਲੋਕਾਂ ਦੀ ਸਮੱਸਿਆ ਦਾ ਕੀਤਾ ਜਾਵੇ ਹੱਲ

ਲੁਧਿਆਣਾ,ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) -

ਨਗਰ ਨਿਗਮ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਾਮਲ ਸਾਰੇ ਜੋਨਲ ਕਮਿਸ਼ਨਰ ਅਤੇ ਨਿਗਰਾਨ ਇੰਜੀਨੀਅਰਜ ਨੂੰ ਦਿਸਾ-ਨਿਰਦੇਸ਼ ਦਿੱਤੇ ਗਏ ਕਿ ਸਾਰੇ ਅਧਿਕਾਰੀ/ਕਰਮਚਾਰੀ ਆਮ ਪਬਲਿਕ ਨੂੰ ਰੋਜਾਨਾ ਦਫਤਰੀ ਸਮੇਂ ਵਿੱਚ ਸਵੇਰੇ 9 ਤੋ 11 ਵਜੇ ਤੱਕ ਮਿਲਿਆ ਜਾਵੇ ਅਤੇ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਪ੍ਰਦੀਪ ਸੱਭਰਵਾਲ ਵੱਲੋਂ ਸਮੂਹ ਨਿਗਰਾਨ ਇੰਜੀਨੀਅਰਜ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਉਹ ਰੋਜਾਨਾ ਚੈਕਿੰਗ ਕਰਨਗੇ ਅਤੇ ਕ੍ਰਮਵਾਰ 30, 70 ਅਤੇ 100 ਪ੍ਰਤੀਸ਼ਤ ਕੰਮ ਮੁਕੰਮਲ ਹੋਣ 'ਤੇ ਸਰਟੀਫਿਕੇਟ ਪੇਸ਼ ਕਰਨਗੇ ਕਿ ਕੰਮ ਮਾਪਦੰਦ ਅਨੁਸਾਰ ਸਹੀ ਹੈ। ਉਨ੍ਹਾ ਇਹ ਵੀ ਕਿਹਾ ਕਿ ਜਿਹੜੇ ਕੰਮ ਚੱਲ ਰਹੇ ਹਨ ਉਹਨਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ ਜਿਸ ਵਿੱਚ ਕੰਮ ਦਾ ਵੇਰਵਾ, ਠੇਕੇਦਾਰ ਦਾ ਨਾਮ, ਸਬੰਧਤ ਨਿਗਰਾਨ ਇੰਜੀਨੀਅਰ/ਕਾਰਜਕਾਰੀ ਇੰਜੀਨੀਅਰ ਦਾ ਨਾਮ, ਕੰਮ ਸੁਰੂ ਅਤੇ ਖਤਮ ਹੋਣ ਦੀ ਮਿਤੀ ਆਦਿ ਸ਼ਾਮਲ ਹੋਣ।ਕਮਿਸ਼ਨਰ ਨੇ ਅੱਗੇ ਕਿਹਾ ਜੋਨਲ ਕਮਿਸ਼ਨਰਜ ਵੱਲੋ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਮੀਟਿੰਗ ਕਰਨੀ ਹੈ ਤਾਂ ਹਰ ਬੁੱਧਵਾਰ ਨੂੰ ਸ਼ਾਮ 05.00 ਵਜੇ ਤੋਂ ਬਾਅਦ ਕਰਨਗੇ। ਉਨ੍ਹਾਂ ਸਮੂਹ ਜੋਨਲ ਕਮਿਸ਼ਨਰਾਂ ਨੂੰ ਵੀ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਸਬੰਧੀ ਸਾਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਚੈਕਿੰਗ ਰੋਜਾਨਾ ਸ਼ਾਮ 03 ਵਜੇਂ ਤੋਂ ਬਾਅਦ ਕਰਨਗੇ। ਸ੍ਰੀ ਸੱਭਰਵਾਲ ਨੇ ਇਹ ਵੀ ਹਦਾਇਤ ਕੀਤੀ ਕਿ ਆਪਣੇ-ਆਪਣੇ ਜੋਨ ਵਿੱਚ ਪੈਂਦੇ ਇਲਾਕਿਆਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤਾਂ ਜੋ ਲੁਧਿਆਣਾ ਸ਼ਹਿਰ ਦੀ ਸਰੱਛ-ਸਰਵੇਖਣ-2021 ਵਿੱਚ ਵਧੀਆ ਰੈਕਿੰਗ ਆ ਸਕੇ।