ਹਰਸਿਮਰਤ ਬਾਦਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਬਠਿੰਡਾ, ਅਪਰੈਲ  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਹ ਬਠਿੰਡਾ ਲੋਕ ਸਭਾ ਹਲਕੇ ਵਿੱਚ ਮੁੜ ਦਿਖਣਾ ਸ਼ੁਰੂ ਹੋ ਗਿਆ ਹੈ। ਏਕਨੂਰ ਖ਼ਾਲਸਾ ਫ਼ੌਜ ਨੇ ਅੱਜ ਸ਼੍ੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਕਾਫ਼ਲੇ ਨੂੰ ਪਹਿਲੀ ਵਾਰ ਕਾਲੇ ਝੰਡੇ ਵਿਖਾ ਕੇ ਬੇਅਦਬੀ ਵਾਲੇ ਰੋਹ ਦਾ ਮੁੱਢ ਬੰਨ੍ਹ ਦਿੱਤਾ ਹੈ। ਬੀਬਾ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ।
ਜਾਣਕਾਰੀ ਅਨੁਸਾਰ ਬੀਬਾ ਹਰਸਿਮਰਤ ਕੌਰ ਬਾਦਲ ਪਿੰਡ ਖੇਮੂਆਣਾ ਵਿੱਚ ਰੱਖੇ ਚੋਣ ਜਲਸੇ ਦੌਰਾਨ ਸਟੇਜ ਤੋਂ ਬੋਲਣ ਲੱਗੇ ਤਾਂ ਸਟੇਜ ਦੇ ਐਨ ਸਾਹਮਣੇ ਹਰਜੀਤ ਸਿੰਘ ਨਾਂ ਦੇ ਨੌਜਵਾਨ ਨੇ ਬੋਲਣਾ ਸ਼ੁਰੂ ਕਰ ਦਿੱਤਾ। ਅਕਾਲੀ ਵਰਕਰਾਂ ਨੇ ਨੌਜਵਾਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸਦੀ ਕੁੱਟਮਾਰ ਕਰ ਦਿੱਤੀ। ਇਸ ਮੌਕੇ ਪੰਡਾਲ ਵਿੱਚ ਬੈਠੇ ਪਿੰਡ ਦੇ ਦਰਸ਼ਨ ਸਿੰਘ ਅਤੇ ਜੀਤ ਸਿੰਘ ਨੇ ਬੇਅਦਬੀ ਮਾਮਲੇ ਵਿਚ ਕੇਂਦਰੀ ਮੰਤਰੀ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਚੋਣ ਰੈਲੀ ਦੇ ਇਕੱਠ ਪਿੱਛੇ ਖੜੇ ਇੱਕ ਵਿਅਕਤੀ ਨੇ ਕਾਲੀ ਝੰਡੀ ਵਿਖਾ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ। ਬੀਬਾ ਬਾਦਲ ਨੇ ਆਪਣੇ ਸੰਬੋਧਨ ਵਿੱਚ ਗੁਟਕੇ ਦੀ ਸਹੁੰ ਖ਼ਾ ਕੇ ਮੁੱਕਰਨ ਵਾਲਿਆਂ ਦਾ ਵਿਰੋਧ ਕਰਨ ਦੀ ਨਸੀਹਤ ਦਿੱਤੀ, ਪਰ ਮਾਮਲਾ ਵਧਦਾ ਦੇਖ ਉਨ੍ਹਾਂ ਅਗਲੇ ਪਿੰਡ ਵੱਲ ਚਾਲੇ ਪਾ ਦਿੱਤੇ। ਪਿੰਡ ਹਰਰਾਏਪੁਰ ਵਿੱਚ ਬੀਬਾ ਬਾਦਲ ਨੇ ਚੋਣ ਜਲਸੇ ਨੂੰ ਖ਼ਤਮ ਕੀਤਾ ਤਾਂ ਪਿੰਡ ਦੀ ਤਿੰਨ ਕੋਣੀ ਵਿਖੇ ਏਕਨੂਰ ਖ਼ਾਲਸਾ ਫ਼ੌਜ ਦੇ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਗੋਨਿਆਣਾ, ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ ਦੀ ਅਗਵਾਈ ਵਿਚ ਇੱਕ ਇਕੱਠੇ ਹੋਏ ਸਾਥੀਆਂ ਨੇ ਘੇਰਨ ਦਾ ਯਤਨ ਕੀਤਾ। ਅਕਾਲੀ ਵਰਕਰਾਂ ਨੂੰ ਇਹਦੀ ਭਿਣਕ ਲੱਗਣ ਕਰਕੇ ਉਹ ਹਰਸਿਮਰਤ ਕੌਰ ਬਾਦਲ ਦੇ ਰੂਟ ਪਲਾਨ ਨੂੰ ਬਦਲਦਿਆਂ ਪਿੰਡ ਦੀ ਫਿਰਨੀ ਵਿੱਚੋਂ ਕਾਫ਼ਲੇ ਨੂੰ ਹਾਈਵੇਅ ਵੱਲ ਲੈ ਗਏ। ਏਕਨੂਰ ਫ਼ੌਜ ਦੇ ਆਗੂਆਂ ਨੇ ਹਾਈਵੇਅ ’ਤੇ ਚੜ੍ਹ ਰਹੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਪ੍ਰਗਟ ਕਰਦੇ ਹੋਏ ਨਾਅਰੇ ਲਗਾਏ। ਕੇਂਦਰੀ ਮੰਤਰੀ ਵੱਲੋਂ ਅੱਜ ਪਿੰਡ ਗਿੱਲ ਪੱਤੀ ਤੋਂ ਲੈ ਕੇ ਮੈਕਸ ਕਲੋਨੀ, ਹਰਰਾਏਪੁਰ, ਜੀਦਾ, ਖੇਮੂਆਣਾ, ਨੇਹੀਆ ਵਾਲਾ, ਕੋਠੇ ਨੱਥਾ ਸਿੰਘ ਵਾਲੇ, ਦਾਨ ਸਿੰਘ ਵਾਲਾ, ਆਕਲੀਆ ਕਲਾਂ, ਗੰਗਾ, ਬਰਕੰਦੀ, ਅਬਲੂ ਆਦਿ ਪਿੰਡਾਂ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ।