You are here

328 ਸਰੂਪਾਂ ਦੇ ਮਾਮਲੇ 'ਚ ਸਜ਼ਾ ਦੇਣ ਲਈ ਜਥੇਦਾਰ ਨਾਲ ਮੁਲਾਕਾਤ ਤੇ ਮੰਗ-ਪੱਤਰ ਭੇਟ

ਅੰਮ੍ਰਿਤਸਰ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-        

 ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ 13 ਅਕਤੂਬਰ ਦੇ ਭੇਜੇ ਗਏ ਮਤੇ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਸੇਵਾ ਸਿੰਘ ਸੇਖਵਾਂ, ਬੀਬੀ ਕਿਰਨਜੀਤ ਕੌਰ, ਅਮਰੀਕ ਸਿੰਘ, ਮਹਿੰਦਰ ਸਿੰਘ ਹੁਸੈਨਪੁਰ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰਾਂ ਨੇ ਲਿਖਤੀ ਰੂਪ ਵਿਚ ਦਿੱਤਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਮੀਟਿੰਗ ਵਿਚ ਮਤਾ ਪਾਸ ਕਰ ਕੇ ਅਕਾਲ ਤਖ਼ਤ ਨੂੰ ਬਿਨੈ-ਪੱਤਰ ਲਿਖਿਆ ਗਿਆ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਪੜਤਾਲੀਆ ਕਮੇਟੀ ਵੱਲੋਂ ਦੋਸ਼ੀ ਠਹਿਰਾਏ ਗਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿਰੁੱਧ ਮਰਿਆਦਾ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪ੍ਰਬੰਧਕੀ ਹੈ ਨਾ ਕਿ ਧਾਰਮਿਕ ਮਰਿਆਦਾ ਨਾਲ ਸਬੰਧਤ, ਇਸ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਨੂੰ ਖ਼ੁਦ ਕਾਰਵਾਈ ਕਰਨੀ ਚਾਹੀਦੀ ਹੈ ਪਰ ਕਮੇਟੀ, ਇਹ ਮਾਮਲਾ ਅਕਾਲ ਤਖ਼ਤ ਨੂੰ ਭੇਜ ਕੇ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੀ ਹੈ ਤੇ ਨਾਲ ਹੀ ਮੁਲਾਜ਼ਮਾਂ ਨੂੰ ਤਨਖ਼ਾਹ ਲਵਾ ਕੇ ਦੋਸ਼ ਮੁਕਤ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਭੇਜੇ ਮਤੇ ਨੂੰ ਰੱਦ ਕਰ ਕੇ ਅਕਾਲ ਤਖ਼ਤ ਦੀ ਸਰਬਉੱਚਤਾ ਤੇ ਪੰਥਕ ਰਵਾਇਤਾਂ ਨੂੰ ਕਾਇਮ ਰੱਖਿਆ ਜਾਵੇ। ਦੂਸਰੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਦੋਸ਼ੀਆਂ ਨੂੰ ਅਕਾਲ ਤਖ਼ਤ ਵੱਲੋਂ ਤਲਬ ਕਰ ਕੇ ਸਖਤ ਸਜ਼ਾ ਦੇਣ ਲਈ ਬੇਨਤੀ-ਪੱਤਰ ਦਿੱਤਾ ਗਿਆ।

ਭਾਈ ਸੁਖਵਿੰਦਰ ਸਿੰਘ ਅਗਵਾਨ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਭਾਈ ਹਰਪਾਲ ਸਿੰਘ ਰਮਦਾਸ, ਭਾਈ ਜਗਦੀਸ਼ ਸਿੰਘ, ਵਕੀਲ ਬੋਹੜ ਸਿੰਘ, ਬਾਬਾ ਯੋਧਬੀਰ ਸਿੰਘ ਆਦਿ ਨੇ ਕਿਹਾ ਕਿ ਨਾਜ਼ੁਕ ਮਸਲਿਆਂ ਨੂੰ ਅਕਾਲ ਤਖ਼ਤ 'ਤੇ ਵਿਚਾਰਿਆ ਜਾਣਾ ਚਾਹੀਦਾ ਹੈ।