ਜਗਰਾਓਂ, ਅਕਤੂਬਰ 2020 -(ਮੋਹਿਤ ਗੋਇਲ)-
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਜਗਰਾਓਂ ਦਿਹਾਤੀ ਵੱਲੋਂ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੂੰ ਦਰਖਾਸਤ ਦਿੱਤੀ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸ਼ਰੇਆਮ ਜਾਨ ਤੋਂ ਮਾਰਨ ਦੀ ਧਮਕੀ ਦੇਣ, ਪਾਰਟੀ ਵਰਕਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼ ਲਗਾਉਂਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਐੱਮਪੀ ਬਿੱਟੂ ਨੇ ਉਕਤ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤਾਂ ਉਨ੍ਹਾਂ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਐੱਮਪੀ ਬਣਨ 'ਤੇ ਜੋ ਸਹੁੰ ਚੁੱਕੀ ਸੀ ਉਸ ਦੀ ਉਨ੍ਹਾਂ ਨੇ ਉਲੰਘਣਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਹਿੰਸਾ ਕਰਨ ਲਈ ਉਕਸਾਉਣ ਲਈ ਜ਼ਿੰਮੇਵਾਰ ਰਵਨੀਤ ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਡਾ: ਰਾਜਿੰਦਰ ਸ਼ਰਮਾ ਤੇ ਦਵਿੰਦਰਜੀਤ ਸਿੰਘ ਸਿੱਧੂ, ਜਗਦੀਸ਼ ਓਹਰੀ, ਐਡਵੋਕੇਟ ਵਿਵੇਕ ਭਾਰਦਵਾਜ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮਿੱਤ ਸਿੰਘਲ, ਮੰਡਲ ਪ੍ਰਧਾਨ ਹਨੀ ਗੋਇਲ, ਅੰਕੁਸ਼ ਧੀਰ, ਲੀਗਲ ਸੈੱਲ ਦੇ ਅਭਿਸ਼ੇਕ ਗਰਗ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।