ਕਿਸਾਨਾਂ ਨੇ ਲਾਇਆ ਪਟੜੀਆਂ 'ਤੇ ਡੇਰਾ, ਪੰਜਾਬ 'ਚ ਛਾ ਸਕਦੈ ਹਨੇਰਾ

 

ਚੰਡੀਗੜ੍ਹ ,ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਆਗਾਮੀ ਤਿੰਨ ਦਿਨਾਂ ਬਾਅਦ ਪੰਜਾਬ ਵਿਚ ਹਨੇਰਾ ਛਾ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ ਰੇਲ ਗੱਡੀਆਂ ਦੀਆਂ ਮੁਕੰਮਲ ਆਵਾਜਾਈ ਬੰਦ ਹੋਣ ਕਾਰਨ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨਹੀਂ ਹੋ ਸਕੀ ਜਿਸ ਕਾਰਨ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਕੋਲੇ ਦੀ ਕਮੀ ਨੂੰ ਦੇਖਦੇ ਹੋਏ ਸਰਕਾਰ ਨੇ ਤਿੰਨ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਵੀ ਤਿੰਨ ਦਿਨਾਂ ਦਾ ਕੋਲਾ ਬਚਿਆ ਹੈ। ਜੇਕਰ ਆਉਂਦੇ ਦਿਨਾਂ ਵਿਚ ਕੋਲੇ ਦੀ ਸਪਲਾਈ ਨਾ ਹੋਈ ਤਾਂ ਪੰਜਾਬ ਵਿਚ ਬਲੈਕ ਆਊਟ ਹੋ ਸਕਦਾ ਹੈ। ਜੇਕਰ ਆਉਂਦੇ ਦਿਨਾਂ ਵਿਚ ਕੋਲੇ ਦੀ ਸਪਲਾਈ ਨਹੀਂ ਹੁੰਦੀ ਤਾਂ ਨੈਸ਼ਨਲ ਗਰਿੱਡ 'ਤੇ ਵੀ ਬਿਜਲੀ ਦਾ ਲੋਡ ਵੱਧ ਸਕਦਾ ਹੈ। ਬੇਸ਼ੱਕ ਕਿਸਾਨਾਂ ਨੇ ਲਾਇਨਾਂ 'ਤੇ ਪੱਕੇ ਡੇਰੇ ਲਾਏ ਹੋਏ ਹਨ, ਫਿਰ ਵੀ ਪੰਜਾਬ ਸਰਕਾਰ ਨੂੰ ਕੋਲੇ ਦੀਆਂ ਗੱਡੀਆਂ ਆਉਣ ਦੀ ਉਮੀਦ ਬਣੀ ਹੋਈ ਹੈ

ਇੱਥੇ ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ 31 ਕਿਸਾਨ ਯੂਨੀਅਨਾਂ ਨੇ ਸਰਕਾਰ ਖਿਲਾਫ਼ ਆਰ ਪਾਰ ਦੀ ਲੜਾਈ ਲੜਦਿਆਂ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਬੋਰਡ ਨੇ 24 ਸਤੰਬਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਸੀ। ਕਿਸਾਨ ਮਜਦੂਰ ਸੰਘਰਸ਼ ਤਾਲਮੇਲ ਕਮੇਟੀ ਨੇ ਫਿਰੋਜਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ 24 ਸਤੰਬਰ ਤੋਂ ਰੇਲਵੇ ਲਾਈਨਾਂ 'ਤੇ ਧਰਨਾ ਸ਼ੁਰੂ ਕਰ ਦਿੱਤਾ ਸੀ, ਜਦੋਂ ਕਿ ਬਾਕੀ ਕਿਸਾਨ ਜਥੇਬੰਦੀਆਂ ਨੇ ਇਕ ਅਕਤੂਬਰ ਤੋਂ ਪੰਜਾਬ ਦੀਆਂ ਸਮੁੱਚੀਆਂ ਰੇਲਵੇ ਲਾਈਨਾਂ 'ਤੇ ਅਣਮਿਥੇ ਸਮੇਂ ਲਈ ਡੇਰਾ ਲਾਇਆ ਹੋਇਆ ਹੈ। ਪਾਵਰਕਾਮ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਚ ਸਿਰਫ਼ ਛੇ ਦਿਨਾਂ ਦਾ ਕੋਲਾ ਬਚਿਆ ਹੈ। ਪਰ ਰੋਪੜ੍ਹ ਥਰਮਲ ਪਲਾਂਟ ਦੇ ਛੇ ਯੂਨਿਟਾਂ ਵਿਚੋਂ ਦੋ ਯੂਨਿਟ ਤਾਂ ਪਹਿਲਾਂ ਹੀ ਪੱਕੇ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ, ਜਦੋਂ ਕਿ ਬਾਕੀ ਦੇ ਚਾਰ ਯੂਨਿਟ ਬਿਜਲੀ ਦੀ ਡਿਮਾਂਡ ਨਾ ਹੋਣ ਕਾਰਨ ਬੰਦ ਕਰ ਦਿੱਤੇ ਗਏ ਹਨ। ਇਸੀ ਤਰ੍ਹਾਂ ਲਹਿਰਾ ਵਿਖੇ ਚਾਰ ਦਿਨ, ਵਣਾਂਵਾਲੀ (ਤਲਵੰਡੀ ਸਾਬੋ) ਵਿਖੇ ਤਿੰਨ ਦਿਨ, ਰਾਜਪੁਰਾ ਥਰਮਲ ਪਲਾਂਟ 'ਚ ਛੇ ਦਿਨ ਅਤੇ ਗੋਇੰਦਵਾਲ ਪਲਾਂਟ ਕੋਲ ਇਕ ਦਿਨ ਦਾ ਕੋਲਾ ਬਚਿਆ ਹੈ। ਆਮ ਤੌਰ 'ਤੇ ਥਰਮਲ ਪਲਾਂਟਾਂ ਵਿਚ 14 ਦਿਨਾਂ ਦੇ ਕੋਲੇ ਦਾ ਭੰਡਾਰ ਕੀਤਾ ਹੁੰਦਾ ਹੈ। ਸੂਤਰ ਦੱਸਦੇ ਹਨ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਖਰੀਦ ਦੇ ਇਕਰਾਰ ਹੋਣ ਕਾਰਨ ਸਰਕਾਰੀ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਵਿਚੋਂ ਤਾਂ ਪਹਿਲਾਂ ਹੀ ਗਿਣਤੀ ਦੇ ਦਿਨਾਂ 'ਚ ਧੂੰਆਂ ਨਿਕਲਦਾ ਹੈ। ਹੁਣ ਪ੍ਰਾਈਵੇਟ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਵੀ ਧੂੰਆਂ ਨਿਕਲਣ ਦਾ ਸੰਕਟ ਪੈਦਾ ਹੋਣ ਦੀਆਂ ਸੰਭਾਵਾਨਾਂ ਪੈਦਾ ਹੋ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਿਸਾਨਾਂ ਨੂੰ ਕੋਲੇ ਅਤੇ ਡੀ.ਏ.ਪੀ ਖਾਦ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਭਾਰ ਢੋਹਣ ਵਾਲੀਆਂ ਰੇਲ ਗੱਡੀਆਂ ਲਈ ਆਵਾਜਾਈ ਖੋਲ੍ਹਣ ਦੀ ਅਪੀਲ ਕਰ ਚੁੱਕੇ ਹਨ। ਪਰ ਕਿਸਾਨਾਂ ਨੇ ਮੁੱਖ ਮੰਤਰੀ ਦੀ ਅਪੀਲ ਨੂੰ ਇਹ ਕਹਿਕੇ ਰੱਦ ਕਰ ਦਿੱਤਾ ਹੈ ਕਿ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਸੀਜਨ ਦਾ ਪਤਾ ਹੈ। ਕਿਸਾਨ ਆਗੂ ਬੂਟਾ ਸਿੰਘ ਬੂਰਜ ਗਿੱਲ ਕਹਿ ਚੁੱਕੇ ਹਨ ਕਿ ਜਦੋਂ ਕਿਸਾਨਾਂ ਨੂੰ ਕਣਕ ਬੀਜਣ ਲਈ ਖਾਦ ਦੀ ਜਰੂਰਤ ਹੋਵੇਗੀ ਤਾਂ ਉਹ ਰੇਲ ਗੱਡੀਆਂ ਨੂੰ ਰਾਹਤ ਦੇਣ ਬਾਰੇ ਸੋਚਣਗੇ ਪਰ ਕੋਲੇ ਦੀ ਗੱਡੀਆਂ ਨੂੰ ਕਿਸੀ ਕੀਮਤ ਵਿਚ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ।

ਮੁੱਖ ਮੰਤਰੀ ਪਹਿਲਾਂ ਕਰ ਚੁੱਕੇ ਹਨ ਅਪੀਲ

ਪਾਵਰਕਾਮ ਦੇ ਚੇਅਰਮੈਨ ਏ ਵੈਣੂ ਪ੍ਰਸ਼ਾਦ ਨੇ ਥਰਮਲ ਪਲਾਂਟਾਂ ਲਈ ਕੋਲੇ ਦਾ ਸੰਕਟ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਤਰਕ ਦਿੱਤਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਹਿਲਾਂ ਹੀ ਕੋਲੇ ਦੀ ਗੱਡੀਆਂ ਲਈ ਲਾਂਘਾ ਦੇਣ ਦੀ ਅਪੀਲ ਕੀਤੀ ਹੈ ਤੇ ਉਮੀਦ ਹੈ ਕਿ ਕਿਸਾਨ ਬਿਜਲੀ ਸਪਲਾਈ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਆਵਾਜਾਈ ਖੋਲ੍ਹ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਲੇ ਦੀ ਖਰੀਦ ਲਈ ਅਦਾਇਗੀ ਕੀਤੀ ਹੋਈ ਹੈ। ਕੋਲੇ ਨਾਲ ਭਰੀਆਂ ਕੁੱਝ ਗੱਡੀਆਂ ਦਿੱਲੀ ਅਤੇ ਹੋਰ ਨੇੜ੍ਹਲੇ ਸਟੇਸ਼ਨਾਂ/ ਲਾਈਨਾਂ 'ਤੇ ਖੜ੍ਹੀਆਂ ਹਨ ਅਤੇ ਜ਼ਲਦ ਹੀ ਕੋਲਾ ਪੁੱਜ ਜਾਵੇਗਾ।