ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ )-ਪਿੰਡ ਲਿੱਤਰਾਂ, ਰਾਏਕੋਟ, ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਕਿਸਾਨ ਨੈਬ ਸਿੰਘ ਇੱਕ ਉੱਦਮੀ ਕਿਸਾਨ ਹੈ। ਨੈਬ ਸਿੰਘ ਨੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਤ ਤਕਨੀਕਾਂ ਸਿੱਖਣ ਅਤੇ ਅਪਨਾਉਣ ਵਿੱਚ ਬਹੁਤ ਉਤਸ਼ਾਹ ਦਿਖਾਇਆ ਹੈ ਅਤੇ ਬਿਨ੍ਹਾਂ ਪਰਾਲੀ ਸਾੜੇ ਸਫ਼ਲ ਖੇਤੀ ਕਰਨ ਕਾਰਨ ਉਹ ਬਾਕੀ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਕਿਸਾਨ ਨੈਬ ਸਿੰਘ ਵੱਲੋਂ ਮੌਜੂਦਾ ਸਮੇਂ ਲਗਭਗ 15 ਏਕੜ ਦੀ ਵਾਹੀ ਕੀਤੀ ਜਾ ਰਹੀ ਹੈ ਜੋ ਕਿ ਉਸਦੀ ਮਾਲਕੀ ਵਾਲੀ ਜਮੀਨ ਹੈ। ਉਸ ਵੱਲੋਂ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹੋ ਰਹੇ ਵਾਤਾਰਣ ਪ੍ਰਦੂਸ਼ਣ ਪ੍ਰਤੀ ਡੂੰਘੀ ਸੰਵੇਦਨਾਂ ਦਿਖਾਉਂਦਿਆਂ 2017-18 ਅਤੇ 2018-19 ਤੋਂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉੱਦਮੀ ਕਿਸਾਨ ਵਲੋਂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ.) ਕੰਬਾਇਨ ਹਾਰਵੈਸਟਰ ਨਾਲ ਝੋਨੇ ਦੀ ਕਟਾਈ ਕਰਕੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਜਾਂਦੀ ਹੈ। ਕਿਸਾਨ ਵੱਲੋਂ ਕਣਕ ਦੀ ਬਿਜਾਈ ਮੌਕੇ HD-3086 ਬੀਜ ਦੀ ਵਰਤੋਂ ਕੀਤੀ ਗਈ ਜਿਸਦਾ ਝਾੜ 22 ਕੁਇੰਟਲ ਪ੍ਰਤੀ ਏਕੜ ਰਿਹਾ। ਕਿਸਾਨ ਨੈਬ ਸਿੰਘ ਵੱਲੋਂ ਸਾਉਣੀ2018 ਅਤੇ 2019 ਵਿੱਚ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੀ ਲਗਾਈਆਂ ਗਈਆਂ ਜਿਸ ਨਾਲ ਪਰਾਲੀ ਸਾਂਭਣ ਲਈ ਸਮਾਂ ਮਿਲ ਜਾਂਦਾ ਹੈ ਸਗੋਂ ਪਰਾਲੀ ਵੀ ਘੱਟ ਹੁੰਦੀ ਹੈ ਅਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਵੀ ਸੌਖੀ ਹੋ ਜਾਂਦੀ ਹੈ, ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ, ਰਵਾਇਤੀ ਮੁਕਾਬਲੇ ਖਾਦ ਦੀ ਵੀ ਘੱਟ ਵਰਤੋਂ ਹੁੰਦੀ ਹੈ ਅਤੇ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਹੁੰਦੀ ਹੈ। ਕਿਸਾਨ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਕਿਸਾਨ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਆਪਣੀ ਸਮਾਜਿਕ ਜਿੰਮੇਵਾਰੀ ਦੇ ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਚਾਹੀਦਾ ਹੈ।