ਮਮਤਾ ਆਸ਼ੂ ਵੱਲੋਂ ਕੋਰੋਨਾ ਫਤਿਹ ਕਿੱਟਾਂ ਦੀ ਵੰਡ ਦਾ ਉਦਘਾਟਨ

ਸਥਾਨਕ ਮੈਰੀਟੋਰੀਅਸ ਸਕੂਲ ਵਿਖੇ ਸਥਿਤ ਕੋਵਿਡ ਕੇਅਰ ਸੈਂਟਰ ਵਿਖੇ ਵੰਡੀਆਂ ਗਈਆਂ ਇਹ ਕਿੱਟਾਂ

ਲੁਧਿਆਣਾ, ਸਤੰਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)- ਨਗਰ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਸਥਾਨਕ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਸਥਿਤ ਕੋਵਿਡ ਕੇਅਰ ਸੈਂਂਟਰ ਵਿਖੇ ਕੋਰੋਨਾ ਫਤਿਹ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਗਰਾਓ) ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ(ਦੱਖਣੀ) ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ।ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਮੈਡੀਕਲ ਕਿੱਟ ਵਿੱਚ 18 ਵਸਤੂਆਂ ਹਨ, ਜਿਸ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਸਟੀਮਰ, ਸੈਨੇਟਾਈਜ਼ਰ, ਗਲੋਅ ਦੀਆਂ ਗੋਲੀਆਂ, ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਜ਼ਿੰਕ ਦੀਆਂ ਗੋਲੀਆਂ, ਟੋਪਸੀਡ, ਇਮਿਊਨਿਟੀ ਪਲੱਸ ਤਰਲ, ਡੋਲੋ 650 ਐਮ.ਜੀ, ਮਲਟੀ ਵਿਟਾਮਿਨ, ਖਾਂਸੀ ਸ਼ਰਬਤ ਅਲੈਕਸ 100 ਐਮ.ਐਲ., ਬੋਟਾਡੀਨ ਗਾਰਗਲਜ਼ ਜਾਂ ਨਮਕ ਦੇ ਗਾਰਗਲ, ਲੋਵੋ ਸੋਟੀਰਾਈਜ਼ਿਨ ਟੈਬ, ਮਾਸਕ ਅਤੇ ਬਲੂਨ ਆਦਿ ਤੋਂ ਇਲਾਵਾ ਵਿੱਦਿਅਕ ਸਮੱਗਰੀ ਅਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਿੱਟਾਂ ਉਨ੍ਹਾਂ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਘਰ ਜਾਂ ਹਸਪਤਾਲ ਵਿੱਚ ਇਕਾਂਤਵਾਸ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਨੂੰ ਵੰਡਣ ਦਾ ਮੁੱਖ ਉਦੇਸ਼ ਇਕਾਂਤਵਾਸ ਵਿੱਚ ਰਹਿਣ ਵਾਲੇ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਯਮਤ ਸਵੈ-ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀਜ਼) ਦੁਆਰਾ ਕੋਰੋਨਾ ਪੋਜ਼ਟਿਵ ਮਰੀਜ਼ਾਂ ਨੂੰ ਘਰ-ਘਰ ਜਾ ਕੇ ਇਹ ਕਿੱਟਾ ਮੁਹੱਈਆ ਕਰਵਾਈਆਂ ਜਾਣਗੀਆਂ। ਸ਼੍ਰੀਮਤੀ ਆਸ਼ੂ ਨੇ ਵਸਨੀਕਾਂ ਨੂੰ ਵਿਸ਼ੇਸ਼ ਤੋਰ 'ਤੇ ਅਪੀਲ ਕੀਤੀ ਕਿ ਜੋ ਟੀਮਾਂ ਉਨ੍ਹਾਂ ਦੇ ਇਲਾਕੇ ਵਿੱਚ ਜਾਗਰੂਕਤਾ/ਟੈਸਟਿੰਗ ਲਈ ਆਉਂਦੀਆਂ ਹਨ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਟੈਸਟਿੰਗ  ਕਰਵਾਈ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਨੂੰ ਪੰਜਾਬ ਸਰਕਾਰ ਦੀ ਇਕ ਚੰਗੀ ਪਹਿਲਕਦਮੀ ਕਰਾਰ ਦਿੰਦਿਆਂ ਕਿਹਾ ਕਿ ਇਸ ਮੈਡੀਕਲ ਕਿੱਟ ਦੇ ਸਹਿਯੋਗ ਨਾਲ ਮਰੀਜ਼ ਬਹੁਤ ਹੀ ਅਸਾਨ ਤਰੀਕੇ ਨਾਲ ਆਪਣੀ ਦੇਖਭਾਲ ਕਰ ਸਕਦੇ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਬਿਮਾਰੀ ਪ੍ਰਤੀ ਅਵੇਸਲੇ ਨਾ ਹੋਣ, ਸਿਹਤ ਸਬੰਧੀ  ਕਿਸੇ ਵੀ ਕਿਸਮ ਦੀ ਸਮੱਸਿਆ ਹੋਣ ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।