You are here

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ 'ਤੇ ਪਾਬੰਦੀ

ਲੁਧਿਆਣਾ, ਸਤੰਬਰ 2020 ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ ) - ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲ੍ਹਾ ਲੁਧਿਆਣਾ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ।ਸ਼ਰਮਾ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਆਮ ਤੌਰ 'ਤੇ ਇਹਨਾਂ ਦਿਨਾਂ ਵਿੱਚ ਝੋਨੇ ਦੀ ਕਟਾਈ ਰਾਤ ਨੂੰ ਕੰਬਾਈਨਾਂ ਰਾਹੀਂ ਕਰਵਾ ਲਈ ਜਾਂਦੀ ਹੈ। ਝੋਨੇ ਦੀ ਪਰਾਲੀ ਨੂੰ ਪੈਲੀ ਵਿੱਚ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਪਰਾਲੀ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ, ਕਈ ਵਾਰ ਝੋਨੇ ਦੇ ਨਾੜ ਨੂੰ ਨਸ਼ਟ ਕਰਨ ਦੇ ਮੰਤਵ ਦੇ ਲਈ ਲਗਾਈ ਅੱਗ ਨਾਲ ਲਾਗਲੀਆਂ ਫਸਲਾਂ, ਘਰਾਂ, ਦਰਖੱਤਾਂ, ਪਸ਼ੂਆਂ ਵਗੈਰਾ ਨੂੰ ਵੀ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਕਾਫੀ ਜਾਨੀ/ਮਾਲੀ ਨੁਕਸਾਨ ਹੁੰਦਾ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੂਰੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ। ਕੋਵਿਡ ਪੀੜਤ ਰੋਗੀ ਸਾਹ ਸਬੰਧੀ ਬਿਮਾਰੀਆਂ ਨਾਲ ਪ੍ਰਭਾਵਿਤ ਹਨ ਤੇ ਕਈ ਵਾਰ ਆਕਸੀਜਨ ਦਾ ਲੈਵਲ ਘੱਟ ਜਾਣ ਕਾਰਨ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਝੋਨੇ ਦੀ ਨਾੜ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਵੱਧਣ ਕਰਕੇ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਹੋਰ ਵਧ ਸਕਦਾ ਹੈ, ਜਿਸਦੇ ਭਿਅੰਕਰ ਨਤੀਜ਼ੇ ਸਾਮ੍ਹਣੇ ਆ ਸਕਦੇ ਹਨ।ਇਸ ਲਈ ਇਸ ਸਥਿਤੀ ਨੂੰ ਮੁੱਖ ਰੱਖਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੋਂ ਰੋਕਣ ਦੀ ਅਤਿਅੰਤ ਜ਼ਰੂਰਤ ਹੈ। ਇਹ ਪਾਬੰਦੀ ਹੁਕਮ 01 ਅਕਤੂਬਰ ਤੋਂ 30 ਨਵੰਬਰ, 2020 ਤੱਕ ਲਾਗੂ ਰਹੇਗਾ।