ਆਈਏਐੱਸ ਅਫਸਰ ਦੇ ਮੁੰਡੇ ਨੂੰ ਅਗਵਾ ਤੇ ਕਤਲ ਮਾਮਲੇ 'ਚ ਸਾਬਕਾ ਡੀਜੀਪੀ ਸੈਨੀ ਨੂੰ ਰਾਹਤ, ਗ੍ਰਿਫ਼ਤਾਰੀ 'ਤੇ 29 ਤਕ ਰੋਕ

ਮੋਹਾਲੀ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਆਈਏਐੱਸ ਅਧਿਕਾਰੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਨੀ ਦੀ ਗ੍ਰਿਫ਼ਤਾਰੀ 'ਤੇ ਫਿਲਹਾਲ ਰੋਕ ਜਾਰੀ ਰਹੇਗੀ। ਵੀਰਵਾਰ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਸੈਨੀ ਦੀ ਗ੍ਰਿਫ਼ਤਾਰੀ 'ਤੇ 29 ਅਗਸਤ ਤਕ ਰੋਕ ਲੱਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 6 ਮਈ 2020 ਨੂੰ ਆਈਪੀਸੀ ਦੀ ਧਾਰਾ 364, 201, 334, 330, 219, 120ਬੀ ਦੇ ਤਹਿਤ ਦਰਜ ਕੀਤੀ ਗਈ ਐੱਫਆਈਆਰ ਵਿਚ ਸੁਮੇਧ ਸੈਣੀ ਦੇ ਨਾਲ ਸ਼ਾਮਲ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਅਧਿਕਾਰੀਆਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਇਸ ਕੇਸ ਵਿਚ ਸੈਣੀ ਦੇ ਖ਼ਿਲਾਫ਼ ਵਾਅਦਾ ਮਾਫ਼ ਗਵਾਹ ਬਣ ਕੇ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ। ਇਸ ਤੋਂ ਬਾਅਦ ਸਰਕਾਰੀ ਪੱਖ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੋਹਾਲੀ ਦੀ ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਦੇ ਖ਼ਿਲਾਫ਼ ਦਰਜ ਐੱਫਆਈਆਰ ਵਿਚ ਆਈਪੀਸੀ ਦੀ ਧਾਰਾ 302 ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ ਅਤੇ ਕਿਹਾ ਸੀ ਕਿ ਇਸ ਮਾਮਲੇ ਵਿਚ ਸਾਬਕਾ ਡੀਜੀਪੀ ਸੈਣੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸਨੂੰ ਤਿੰਨ ਦਿਨ ਦਾ ਅਗਾਊਂ ਨੋਟਿਸ ਦਿੱਤਾ ਜਾਵੇ।