ਮਗਨਰੇਗਾ ਸਕੀਮ ਅਧੀਨ ਪਿੰਡ ਭਰੋਵਾਲ ਕਲਾਂ ਵਿਖੇ 11.5 ਕਿਲੋਮੀਟਰ ਸੜ੍ਹਕ ਨਿਰਮਾਣ ਦਾ ਕੰਮ ਜਾਰੀ

ਚੰਗਣ ਦੇ ਪੁਲ ਤੋਂ ਗੋਰਸੀਆਂ ਮੱਖਣ ਦੇ ਪੁਲ ਤੱਕ ਹੈ ਇਹ ਸੜ੍ਹਕ

ਗੋਰਸੀਆਂ ਕਾਦਰ ਬਖਸ ਤੋਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਸਿੱਧਾ ਲੁਧਿਆਣਾ ਆਉਣ ਲਈ ਹੋਵੇਗੀ ਲਾਹੇਬੰਦ

ਦਾਖਾ/ਲੁਧਿਆਣਾ,ਅਗਸਤ 2020  ( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ ) - ਮਗਨਰੇਗਾ ਦਿਹਾਤੀ ਵਿਕਾਸ ਦੀ ਇਕ ਅਹਿਮ ਸਕੀਮ ਹੈ। ਇਸ ਸਮੇਂ ਪੰਜਾਬ ਦੇ ਤਕਰੀਬਨ ਸਾਰੇ ਪਿੰਡਾਂ ਵਿੱਚ ਇਸ ਸਕੀਮ ਅਧੀਨ ਬਹੁਤ ਸਾਰੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਨਾਲ ਇੱਕ ਪਾਸੇ ਤਾਂ ਪਿੰਡਾਂ ਵਿੱਚ ਬੁਨਿਆਦੀ ਲੋੜਾਂ ਦਾ ਢਾਂਚਾ ਵਿਕਸਿਤ ਹੋ ਰਿਹਾ ਹੈ ਅਤੇ ਇਸਦੇ ਨਾਲ-ਨਾਲ ਪਿੰਡਾਂ ਦੇ ਗਰੀਬ ਮਜਦੂਰਾਂ ਜਿਨ੍ਹਾਂ ਵਿੱਚ ਜਿਆਦਾਤਰ ਔਰਤਾਂ ਸ਼ਾਮਲ ਹਨ ਨੂੰ ਪਿੰਡਾਂ ਵਿੱਚ ਹੀ ਕੰਮ ਮਿਲ ਰਿਹਾ ਹੈ। ਜਿਸ ਨਾਲ ਪੇਡੂ ਅਰਥਚਾਰੇ ਨੂੰ ਵੀ ਹੁਲਾਰਾ ਮਿਲ ਰਿਹਾ ਹੈ।ਇਸੇ ਲੜੀ ਤਹਿਤ ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਪ੍ਰੀਤ ਸਿੰਘ ਬੀ.ਡੀ.ਪੀ.ਓ ਸਿੱਧਵਾਂ ਬੇਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਰਾਮ ਪੰਚਾਇਤ ਭਰੋਵਾਲ ਕਲਾਂ ਵਿਖੇ ਪੀ.ਡਬਲਿਊ.ਡੀ.(ਭਵਨ ਤੇ ਮਾਰਗ) ਵਿਭਾਗ ਨਾਲ ਤਾਲਮੇਲ ਕਰਦੇ ਹੋਏ ਮਗਨਰੇਗਾ ਸਕੀਮ ਅਧੀਨ ਲਗਭਗ 11.5 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ। ਇਹ ਸੜ੍ਹਕ ਚੰਗਣ ਦੇ ਪੁਲ ਤੋਂ ਗੋਰਸੀਆਂ ਮੱਖਣ ਦੇ ਪੁਲ ਤੱਕ ਹੈ। ਇਹ ਸੜਕ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਕੱਚੀ ਸੀ ਅਤੇ ਇਹ ਸੜਕ ਗੁਰਦਾਅਰਾ ਨਾਨਕਸਰ (ਠਾਠ) ਨਾਲ ਲੱਗਦੀ ਸੀ, ਜਿਸ ਕਰਕੇ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਬਹੁਤ ਦਿੱਕਤ ਦਾ ਸਹਾਮਣਾ ਕਰਨਾ ਪੈਂਦਾ ਸੀ।ਇਸ ਸਬੰਧੀ ਬੀ.ਡੀ.ਪੀ.ਓ ਸ੍ਰੀ ਗੁਰਪ੍ਰੀਤ ਸਿੰਘ ਸਿੱਧਵਾਂ ਬੇਟ ਵੱਲੋਂ ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ.(ਭਵਨ ਤੇ ਮਾਰਗ) ਨਾਲ ਤਾਲਮੇਲ ਕਰਦੇ ਹੋਏ ਸੜਕ ਦੇ ਨਿਰਮਾਣ ਲਈ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਵਿੱਚ ਕੁੱਲ ਲਾਗਤ 3 ਕਰੋੜ 53 ਲੱਖ ਨਾਲ ਸ਼ੁਰੂ ਕਰਵਾਉਦੇ ਹੋਏ ਲੁੱਕ ਵਾਲੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਾਲ ਗੋਰਸੀਆਂ ਕਾਦਰ ਬਖਸ ਤੋਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਸਿੱਧਾ ਲੁਧਿਆਣਾ ਆਉਣ ਦਾ ਰਸਤਾ ਬਿਨ੍ਹਾਂ ਕਿਸੇ ਮੁਸ਼ਕਿਲ ਤੋਂ ਮਿਲ ਰਿਹਾ ਹੈ।