You are here

25 ਅਪ੍ਰੈਲ : ਵਿਸ਼ਵ ਮਲੇਰੀਆ ਦਿਵਸ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆ ਤੋਂ ਪੀੜਤ ਹੁੰਦੇ ਹਨ, ਜਿਹਨਾਂ ਵਿੱਚੋਂ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਇਹਨਾਂ ਮਰਨ ਵਾਲਿਆਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਦੀ ਗਿਣਤੀ ਜਿਆਦਾ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਮਲੇਰੀਆ ਦਰ ਭਾਰਤ ਵਿੱਚ ਹੈ ਅਤੇ ਹਰ ਸਾਲ ਤਕਰੀਬਨ 1 ਕਰੋੜ 80 ਲੱਖ ਲੋਕਾਂ ਨੂੰ ਮਲੇਰੀਆ ਰੋਗ ਨਾਲ ਲੜਨਾ ਪੈਂਦਾ ਹੈ। ਨਵੰਬਰ 2018 ਵਿੱਚ ਜਾਰੀ ਵਿਸ਼ਵ ਮਲੇਰੀਆ ਰਿਪੋਰਟ ਅਨੁਸਾਰ 2017 ਵਿੱਚ 87 ਦੇਸ਼ਾਂ ਵਿੱਚ ਅਨੁਮਾਨਿਤ ਤਕਰੀਬਨ 219 ਮਿਲੀਅਨ ਕੇਸ ਮਲੇਰੀਆ ਦੇ ਦਰਜ ਹੋਏ ਅਤੇ 435000 ਮੌਤਾਂ ਦਾ ਕਾਰਣ ਮਲੇਰੀਆ ਰੋਗ ਬਣਿਆ।

ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਕਿ ਮੌਸਮੀ ਬਦਲਾਅ, ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਇਸ ਸੰਬੰਧੀ ਜਨ ਜਾਗਰੂਕਤਾ ਲਈ ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਮਲੇਰੀਆ ਦਿਵਸ ਦੀ ਸਥਾਪਨਾ ਮਈ 2007 ਵਿੱਚ 60ਵੇਂ ਵਿਸ਼ਵ ਸਿਹਤ ਸਭਾ ਦੇ ਸੈਸ਼ਨ ਦੌਰਾਨ ਕੀਤੀ ਗਈ। ਮਲੇਰੀਆ ਦਿਵਸ ਪਹਿਲੀ ਵਾਰ 25 ਅਪ੍ਰੈਲ 2008 ਨੂੰ ਮਨਾਇਆ ਗਿਆ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਮਲੇਰੀਆ ਵਰਗੇ ਰੋਗ ਤੇ ਜਨਤਾ ਦਾ ਧਿਆਨ ਦਿਵਾਉਣਾ ਅਤੇ ਜਾਗਰੂਕ ਕਰਨਾ ਹੈ ਜਿਸਦੀ ਵਜ੍ਹਾ ਕਰਕੇ ਹਰ ਸਾਲ ਲੱਖਾਂ ਲੋਕ ਮਰਦੇ ਹਨ।

ਮਾਦਾ ਐਨੋਫਲੀਜ਼ ਮੱਛਰ ਪਰਜੀਵੀ ਪ੍ਰੋਟੋਜੋਅਨ ਪਲਾਜਮੋਡੀਅਮ ਨਾਮਕ ਕੀਟਾਣੂ ਦਾ ਵਾਹਕ ਹੈ ਜੋ ਕਿ ਸਾਫ਼ ਖੜੇ ਪਾਣੀ ਵਿੱਚ ਪਨਪਦਾ ਹੈ ਅਤੇ ਇਹ ਮਾਦਾ ਮੱਛਰ ਸੂਰਜ ਢਲਦਿਆਂ ਜ਼ਿਆਦਾਤਰ ਰਾਤ ਦੇ ਸਮੇਂ ਹੀ ਕੱਟਦਾ ਹੈ। ਮਾਦਾ ਮੱਛਰ ਦੇ ਕੱਟਣ ਨਾਲ ਕੀਟਾਣੂ ਉਸਦੀ ਲਾਰ ਦੇ ਨਾਲ ਮਨੁੱਖ ਦੇ ਸਰੀਰ ਵਿੱਚ ਪਹੁੰਚਦਾ ਹੈ। ਮਲੇਰੀਆ ਦੇ ਪਰਜੀਵੀ ਦੀ ਖੋਜ ਫ੍ਰਾਂਸੀਸੀ ਸਰਜਨ ਚਾਰਲਸ ਲੂਈਸ ਅਲਫੋਂਸ ਲੈਵਰੇਨ ਨੇ ਸਾਲ 1980 ਵਿੱਚ ਕੀਤੀ ਸੀ ਅਤੇ ਇਸ ਦੇ ਲਈ ਉਹਨਾਂ ਨੂੰ 1907 ਵਿੱਚ ਮੈਡੀਸਨ ਖੇਤਰ ਵਿੱਚ ਨੋਬੇਲ ਪੁਰਸਕਾਰ ਵੀ ਦਿੱਤਾ ਗਿਆ। ਵਿਸ਼ਵ ਮਲੇਰੀਆ ਦਿਵਸ ਸਾਲ 2019 ਦਾ ਵਿਸ਼ਾ ਹੈ ‘ਜ਼ੀਰੋ ਮਲੇਰੀਆ ਮੇਰੇ ਨਾਲ ਸ਼ੁਰੂ ਹੁੰਦਾ ਹੈ (ਜ਼ੀਰੋ ਮਲੇਰੀਆ ਸਟਾਰਟਸ ਵਿੱਦ ਮੀ)।’

ਮਲੇਰੀਆ ਦੇ ਪੀ.ਵਾਈਵੈਕਸ, ਪੀ.ਫੈਲਸੀਪੈਰਮ, ਪੀ.ਮਲੇਰੀ ਅਤੇ ਪੀ. ਓਵੇਲ ਚਾਰ ਤਰ੍ਹਾਂ ਦੇ ਪਰਜੀਵੀ ਹੁੰਦੇ ਹਨ ਅਤੇ ਇਨ੍ਹਾਂ ਵਿੱਚੋਂ ਪੀ.ਵਾਈਵੈਕਸ ਸਾਰੇ ਵਿਸ਼ਵ ’ਚ ਫੈਲਿਆ ਹੋਇਆ ਹੈ ਅਤੇ ਪੀ.ਫੈਲਸੀਪੈਰਮ ਸਭ ਤੋਂ ਵਧ ਘਾਤਕ ਹੈ। ਮਲੇਰੀਆ ਦਾ ਸੰਕ੍ਰਮਣ ਹੋਣ ਅਤੇ ਬਿਮਾਰੀ ਫੈਲਣ ਵਿੱਚ ਰੋਗਾਣੂ ਦੀ ਕਿਸਮ ਦੇ ਆਧਾਰ ਤੇ ਸੱਤ ਤੋ ਚਾਲੀ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਮਲੇਰੀਆਂ ਦੇ ਸ਼ੁਰੂਆਤੀ ਦੌਰ ਵਿੱਚ ਸਰਦੀ-ਜ਼ੁਕਾਮ ਜਾਂ ਪੇਟ ਦੀ ਗੜਬੜੀ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸਦੇ ਬਾਅਦ ਸਿਰ, ਸਰੀਰ ਅਤੇ ਜੋੜਾਂ ਵਿੱਚ ਦਰਦ, ਠੰਡ ਲੱਗ ਕੇ ਬੁਖਾਰ ਹੋਣਾ, ਨਬਜ਼ ਤੇਜ਼ ਹੋ ਜਾਣਾ, ਉਲਟੀ ਜਾਂ ਪਤਲੇ ਦਸਤ ਲੱਗਣਾ ਆਦਿ ਲੱਛਣ ਹਨ ਪਰੰਤੂ ਜਦ ਬੁਖਾਰ ਅਚਾਨਕ ਚੜ੍ਹ ਕੇ 3-4 ਘੰਟੇ ਰਹਿੰਦਾ ਹੈ ਅਤੇ ਅਚਾਨਕ ਉੱਤਰ ਜਾਂਦਾ ਹੈ ਇਸਨੂੰ ਮਲੇਰੀਆ ਦੀ ਸਭ ਤੋਂ ਖ਼ਤਰਨਾਕ ਸਥਿਤੀ ਮੰਨ੍ਹਿਆ ਜਾਂਦਾ ਹੈ।

ਮਲੇਰੀਆ ਤੋਂ ਬਚਾਅ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ। ਸਾਵਧਾਨੀ ਵਜੋਂ ਵਰਤੋਂ ਵਿੱਚ ਆਉਣ ਵਾਲੇ ਕੂਲਰ ਦਾ ਪਾਣੀ ਸਮੇਂ ਸਮੇਂ ਦੇ ਬਦਲਦੇ ਰਹਿਣਾ, ਟੈਂਕੀਆਂ ਨੂੰ ਢੱਕ ਕੇ ਰੱਖਣਾ, ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਘਰਾਂ ਦੇ ਆਲੇ ਦੁਆਲੇ ਤੇ ਛੱਤਾਂ ਤੇ ਪਾਣੀ ਇੱਕਠਾ ਨਾ ਹੋਣ ਦੇਣਾ, ਮੱਛਰਦਾਨੀ ਦੀ ਵਰਤੋਂ, ਸਰੀਰ ਨੂੰ ਪੂਰਾ ਢੱਕਣ ਵਾਲੇ

ਕੱਪੜਿਆਂ ਦੀ ਵਰਤੋਂ, ਮੱਛਰ ਸੰਬੰਧੀ ਕੀਟਨਾਸ਼ਕਾਂ ਆਦਿ ਦੀ ਯੋਗ ਵਰਤੋਂ ਸਦਕਾ ਮਲੇਰੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ।ਇੱਥੇ ਇਹ ਵਰਣਨਯੋਗ ਹੈ ਕਿ ਮਲੇਰੀਆ ਤੋਂ ਪੀੜਤ ਰੋਗੀ ਨੇੜੇ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾ ਸਕਦੇ ਹਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’                                           

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)

ਈਮੇਲ : bardwal.gobinder@gmail.com