ਸਿੱਖ ਭਾਈਚਾਰੇ ਦੀ ਹਮਦਰਦ ਨਹੀਂ ਕਮਲਾ ਹੈਰਿਸ : ਜਸਦੀਪ ਸਿੰਘ ਜੱਸੀ

ਨਿਊਯਾਰਕ, ਅਗਸਤ 2020 -(ਏਜੰਸੀ)- ਸੈਂਟਰ ਫਾਰ ਸੋਸ਼ਲ ਚੇਂਜ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਜੋ ਬਿਡੇਨ ਵੱਲੋਂ ਉਪ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦ ਕੀਤੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸਿੱਖ ਭਾਈਚਾਰੇ ਦੇ ਨਾਲ ਕੋਈ ਵੀ ਹਮਦਰਦੀ ਨਹੀਂ ਹੈ। ਜੱਸੀ ਨੇ ਕਿਹਾ ਕਿ ਕਮਲਾ ਹੈਰਿਸ ਜਦੋਂ ਵੀ ਸਿਆਸਤ ਵਿਚ ਆਈ ਹੈ ਉਦੋਂ ਤੋਂ ਹੀ ਉਸ ਨੇ ਇਕ ਵਾਰ ਵੀ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤਾ ਖ਼ੁਸ਼ ਹੋਣ ਦੀ ਲੋੜ ਨਹੀਂ ਕਿ ਇਕ ਭਾਰਤੀ ਮੂਲ ਦੀ ਮਹਿਲਾ ਸਿਆਸਤਦਾਨ ਨੂੰ ਵੱਡੀ ਚੋਣ ਲੜਨ ਦਾ ਮੌਕਾ ਮਿਲਿਆ ਹੈ ਸਗੋਂ ਸਾਨੂੰ ਚਿੰਤਤ ਹੋਣ ਦੀ ਲੋੜ ਹੈ ਕਿ ਉਸ ਮਹਿਲਾ ਆਗੂ ਨੂੰ ਮੌਕਾ ਮਿਲਿਆ ਹੈ ਜਿਸ ਦਾ ਸਿੱਖ ਭਾਈਚਾਰੇ ਤਾਂ ਕੀ ਭਾਰਤੀ ਭਾਈਚਾਰੇ ਨਾਲ ਵੀ ਬਹੁਤਾ ਸਰੋਕਾਰ ਨਹੀਂ ਹੈ। ਉਹ ਆਪਣੇ ਆਪ ਨੂੰ ਸਿਰਫ਼ ਤੇ ਸਿਰਫ਼ ਇਕ ਅਮਰੀਕੀ ਸਮਝਦੀ ਹੈ।

ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਇਹ ਚਾਹੀਦਾ ਹੈ ਕਿ ਉਹ ਕਮਲਾ ਹੈਰਿਸ ਦੇ ਸਿਆਸੀ ਇਤਿਹਾਸ ਨੂੰ ਇਕ ਵਾਰ ਜ਼ਰੂਰ ਵੇਖੇ ਅਤੇ ਫਿਰ ਉਹ ਆਪਣੀ ਵੋਟ ਦਾ ਫ਼ੈਸਲਾ ਕਰੇ। ਉਨ੍ਹਾਂ ਕਿਹਾ ਕਿ ਜੋ ਬਿਡੇਨ ਸਮਝਦੇ ਹਨ ਕਿ ਸ਼ਾਇਦ ਕਮਲਾ ਹੈਰਿਸ ਦੇ ਨਾਂ 'ਤੇ ਭਾਰਤੀ ਭਾਈਚਾਰੇ ਦੀ ਵੋਟ ਉਨ੍ਹਾਂ ਨੂੰ ਮਿਲ ਜਾਵੇਗੀ ਪਰ ਉਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਕਮਲਾ ਹੈਰਿਸ ਦੇ ਨਾਂ ਨਾਲ ਉਨ੍ਹਾਂ ਦੀ ਵੋਟ ਟੁੱਟੇਗੀ। ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਕਮਲਾ ਹੈਰਿਸ ਨੂੰ ਪਾ ਕੇ ਖ਼ਰਾਬ ਨਾ ਕਰਨ।