ਪੰਜਾਬ ਸਰਕਾਰ ਨੇ ਕਰੋਨਾ ਸ਼ਹੀਦ ਪਰਿਵਾਰ ਨੂੰ ਮੁਆਵਜ਼ਾ ਦੇਣ ਤੋਂ ਚੁੱਪ ਵੱਟੀ - ਕੁਲਵੰਤ ਸਿੰਘ ਟਿੱਬਾ

50 ਲੱਖ ਦੀ ਐਕਸਗ੍ਰੇਸੀਆ ਗ੍ਰਾਂਟ ਤੁਰੰਤ ਜਾਰੀ ਕਰਨ ਦੀ ਮੰਗ

ਮਹਿਲ ਕਲਾਂ/ਬਰਨਾਲਾ- ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਮਿਸ਼ਨ ਫਤਹਿ' ਨੂੰ ਕਾਮਯਾਬ ਕਰਨ ਲਈ ਕਰੋਨਾ ਮਹਾਂਮਾਰੀ ਦੌਰਾਨ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿ ਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਦੀ ਪੰਜਾਬ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਇਹ ਪ੍ਰਗਟਾਵਾ 'ਹੋਪ ਫਾਰ ਮਹਿਲ ਕਲਾਂ' ਮੁਹਿੰਮ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਲੋਹਗੜ੍ਹ ਵਿਖੇ ਕਰੋਨਾ ਕਾਰਨ ਜਿੰਦਗੀ ਦੀ ਜੰਗ ਹਾਰਨ ਵਾਲੀ ਮਲਟੀਪਰਪਜ਼ ਹੈਲਥ ਵਰਕਰ ਪਰਮਜੀਤ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਰਮਜੀਤ ਕੌਰ ਨੇ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਪੂਰਾ ਕਰਦਿਆਂ ਜਾਨ ਤੱਕ ਕੁਰਬਾਨ ਕਰ ਦਿੱਤੀ ਪਰ ਫਿਰ ਵੀ ਪੰਜਾਬ ਸਰਕਾਰ ਪੀੜਤ ਪਰਿਵਾਰ ਦੀ ਸਾਰ ਦੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਉਸ ਵਾਅਦੇ ਨੂੰ ਪੂਰਾ ਕਰੇ, ਜਿਸ ਵਿਚ ਸਰਕਾਰ ਨੇ ਕਿਹਾ ਸੀ ਕਿ ਕਰੋਨਾ ਵਿਰੁੱਧ ਫਰੰਟ ਲਾਈਨ ਤੇ ਲੜਦਿਆਂ ਸਹੀਦ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਅਤੇ ਕੰਨਗੋ ਗੁਰਮੇਲ ਸਿੰਘ ਵਾਂਗ ਮ੍ਰਿਤਕ ਪਰਮਜੀਤ ਕੌਰ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਦੀ ਐਕਸਗ੍ਰੇਸੀਆ ਗ੍ਰਾਂਟ ਤੁਰੰਤ ਜਾਰੀ ਕਰੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।ਕੁਲਵੰਤ ਸਿੰਘ ਟਿੱਬਾ ਨੇ ਕਰੋਨਾ ਵਿਰੋਧੀ ਜੰਗ ਵਿੱਚ ਮੋਹਰੀ ਰੋਲ ਅਦਾ ਕਰਕੇ ਆਪਣੀ ਜਾਨ ਕੁਰਬਾਨ ਕਰਨ ਵਾਲੀ ਪਰਮਜੀਤ ਕੌਰ ਲੋਹਗ੍ਹੜ ਦੇ ਪਰਿਵਾਰ ਨੂੰ ਐਕਸ਼ਗ੍ਰੇਸੀਆ ਗ੍ਰਾਂਟ ਜਾਰੀ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਚੁੱਪ ਵੱਟ ਲੈਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਇਸ ਮੌਕੇ ਮ੍ਰਿਤਕਾ ਦੇ ਪਤੀ ਨਿਰਭੈ ਸਿੰਘ, ਦਰਸ਼ਨ ਸਿੰਘ ਲੋਹਗੜ੍ਹ, ਗੁਰਦੀਪ ਸਿੰਘ ਸੰਧੂ, ਗੁਰਮੇਲ ਸਿੰਘ ਕਾਲਸਾਂ ਸਾਬਕਾ ਸਰਪੰਚ, ਸਰਪੰਚ ਬਿੱਟੂ ਕਾਲਸਾਂ, ਗੁਰਪਿਆਰ ਸਿੰਘ ਆਦਿ ਆਗੂ ਵੀ ਹਾਜਰ ਸਨ।