ਲੰਡਨ/ਮਾਨਚੈਸਟਰ, ਅਗਸਤ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-ਬਰਤਾਨੀਆ 'ਚ ਹੋਣ ਵਾਲੀ ਨਿਲਾਮੀ 'ਚ ਸੋਨੇ ਦੀ ਪਰਤ ਵਾਲੇ ਇਕ ਜੋੜੀ ਚਸ਼ਮੇ ਦੀ ਬੋਲੀ ਲਗਾਈ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਚਸ਼ਮੇ ਮਹਾਤਮਾ ਗਾਂਧੀ ਨੇ ਪਾਏ ਸਨ ਤੇ ਬਾਅਦ 'ਚ ਇਕ ਪਰਿਵਾਰ ਨੂੰ ਬਤੌਰ ਤੋਹਫ਼ਾ ਦੇ ਦਿੱਤੇ ਸਨ। ਚਸ਼ਮੇ ਦੀ ਬੋਲੀ 10-15 ਹਜ਼ਾਰ ਪਾਉਂਡ (ਕਰੀਬ 9.77-14.66 ਲੱਖ ਰੁਪਏ) ਤਕ ਪਹੁੰਚਣ ਦੀ ਸੰਭਾਵਨਾ ਹੈ। ਦੱਖਣੀ ਪੱਛਮੀ ਇੰਗਲੈਂਡ ਦੇ ਉਪ ਨਗਰ ਸਥਿਤ ਕੰਪਨੀ ਈਸਟ ਬਿ੍ਸਟਲ ਆਕਸ਼ਨਸ ਨੇ ਐਤਵਾਰ ਨੂੰ ਦੱਸਿਆ ਕਿ ਅਸੀਂ ਇਹ ਜਾਣ ਕੇ ਬਹੁਤ ਹੈਰਾਨ ਸੀ ਕਿ ਜਿਹੜੇ ਚਸ਼ਮੇ ਉਨ੍ਹਾਂ ਦੀ ਡਾਕ ਪੇਟੀ 'ਚ ਇਕ ਲਿਫ਼ਾਫ਼ੇ 'ਚ ਰੱਖੇ ਮਿਲੇ ਸਨ, ਉਨ੍ਹਾਂ ਦੇ ਪਿੱਛੇ ਅਜਿਹਾ ਸ਼ਾਨਦਾਰ ਇਤਿਹਾਸ ਹੋ ਸਕਦਾ ਹੈ। ਨਿਲਾਮੀ ਕਰਤਾ ਕੰਪਨੀ ਐਂਡੀ ਸਟੋਵ ਨੇ ਕਿਹਾ ਕਿ ਚਸ਼ਮੇ ਦਾ ਇਤਿਹਾਸਕ ਮਹੱਤਵ ਹੈ। ਵਿਕਰੇਤਾ ਨੇ ਇਸ ਨੂੰ ਦਿਲਚਸਪ ਤਾਂ ਮੰਨਿਆ, ਪਰ ਇਸ ਦੀ ਕੀਮਤ ਨਹੀਂ ਦੱਸੀ। ਇੱਥੋਂ ਤਕ ਕਿ ਵਿਕਰੇਤਾ ਨੇ ਕਿਹਾ ਕਿ ਜੇਕਰ ਇਹ ਕੀਮਤੀ ਨਹੀਂ ਹੈ ਤਾਂ ਇਨ੍ਹਾਂ ਨੂੰ ਨਸ਼ਟ ਕਰ ਦਿਓ। ਨਿਲਾਮੀ ਕਰਤਾ ਨੇ ਦੱਸਿਆ ਕਿ ਇਹ ਚਸ਼ਮੇ ਇੰਗਲੈਂਡ ਦੇ ਇਕ ਅਣਜਾਨ ਬਜ਼ੁਰਗ ਵਿਕਰੇਤਾ ਦੇ ਪਰਿਵਾਰ ਕੋਲ ਸਨ। ਵਿਕਰੇਤਾ ਨੂੰ ਪਿਤਾ ਨੇ ਦੱਸਿਆ ਸੀ ਕਿ ਇਹ ਚਸ਼ਮੇ ਉਨ੍ਹਾਂ ਦੇ ਚਾਚੇ ਨੂੰ ਮਹਾਤਮਾ ਗਾਂਧੀ ਨੇ ਉਸ ਵੇਲੇ ਤੋਹਫ਼ੇ ਦੇ ਤੌਰ 'ਤੇ ਦਿੱਤੇ ਸਨ, ਜਦੋਂ ਉਹ ਸਾਲ 1910-30 ਦੌਰਾਨ ਦੱਖਣੀ ਅਫਰੀਕਾ 'ਚ ਬਿ੍ਟਿਸ਼ ਪੈਟਰੋਲੀਅਮ ਚ ਕੰਮ ਕਰਦੇ ਸਨ।