You are here

ਪੰਜਾਬ 'ਚ ਕੋਰੋਨਾ ਨਾਲ 20 ਦੀ ਮੌਤ, 711 ਪਾਜ਼ੇਟਿਵ ਮਰੀਜ਼

ਚੰਡੀਗ੍ਹੜ ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

 ਸੂਬੇ ਵਿਚ ਕੋਰੋਨਾ ਦੇ ਮਰੀਜ਼ਾਂ ਦਾ ਗ੍ਰਾਫ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਐਤਵਾਰ ਨੂੰ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਕੁਝ ਘੱਟ ਰਹੀ ਹੈ। ਐਤਵਾਰ ਨੂੰ ਸੂਬੇ ਵਿਚ ਕੁੱਲ 711 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 849 ਤੇ ਸ਼ਨਿਚਰਵਾਰ ਨੂੰ ਰਿਕਾਰਡ 993 ਲੋਕ ਕੋਰੋਨਾ ਪਾਜ਼ੇਟਿਵ ਮਿਲੇ ਸਨ। ਸ਼ਨਿਚਰਵਾਰ ਨੂੰ ਸੂਬੇ ਵਿਚ ਜਿੱਥੇ 23 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਉੱਥੇ ਐਤਵਾਰ ਨੂੰ 20 ਲੋਕ ਇਸ ਦਾ ਸ਼ਿਕਾਰ ਬਣੇ।ਐਤਵਾਰ ਨੂੰ ਸਭ ਤੋਂ ਜ਼ਿਆਦਾ ਬਠਿੰਡੇ 'ਚ 112 ਤੇ ਜਲੰਧਰ ਵਿਚ 103 ਲੋਕ ਇਨਫੈਕਟਿਡ ਮਿਲੇ। ਪਟਿਆਲੇ ਵਿਚ ਵੀ 88 ਲੋਕ ਪਾਜ਼ੇਟਿਵ ਪਾਏ ਗਏ ਹਨ। ਪਟਿਆਲੇ ਵਿਚ ਇਨਫੈਕਟਿਡ ਪਾਏ ਗਏ ਲੋਕਾਂ ਵਿਚ ਦਸ ਕੋਰੋਨਾ ਦੇ ਯੋਧੇ (ਪੰਜ ਪੁਲਿਸ ਮੁਲਾਜ਼ਮ ਤੇ ਪੰਜ ਸਿਹਤ ਮੁਲਾਜ਼ਮ) ਵੀ ਹਨ। ਪਟਿਆਲੇ 'ਚ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿਚ 80 ਸਾਲ ਦੀ ਇਕ ਬਜ਼ੁਰਗ ਅੌਰਤ ਤੇ 53 ਤੇ 55 ਸਾਲ ਦੇ ਦੋ ਪੁਰਸ਼ ਵੀ ਸ਼ਾਮਲ ਹਨ। ਪਾਤੜਾਂ ਦੀ ਰਹਿਣ ਵਾਲੀ ਬਜ਼ੁਰਗ ਅੌਰਤ ਸ਼ੂਗਰ, ਹਾਈਪਰਟੈਂਸ਼ਨ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਦਾ ਰਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉਧਰ ਲੁਧਿਆਣੇ ਵਿਚ ਐਤਵਾਰ ਨੂੰ ਸੂਬੇ ਵਿਚ ਸਭ ਤੋਂ ਜ਼ਿਆਦਾ ਅੱਠ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ। ਇਨ੍ਹਾਂ ਵਿਚ ਇਕ 69 ਸਾਲ ਦੀ ਅੌਰਤ ਤੇ ਬਾਕੀ ਸੱਤ 55, 69, 70, 60, 57, 67 ਤੇ 71 ਸਾਲ ਦੇ ਪੁਰਸ਼ ਹਨ। ਲੁਧਿਆਣੇ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿੱਥੇ ਇਨਫੈਕਟਿਡਾਂ ਦਾ ਅੰਕੜਾ ਸੂਬੇ ਵਿਚ ਸਭ ਤੋਂ ਜ਼ਿਆਦਾ ਆ ਰਿਹਾ ਸੀ ਉੱਥੇ ਐਤਵਾਰ ਨੂੰ ਸਿਰਫ਼ 55 ਲੋਕ ਹੀ ਇਨਫੈਕਟਿਡ ਪਾਏ ਗਏ ਹਨ। ਅੰਮਿ੍ਤਸਰ ਵਿਚ ਵੀ ਚਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।