ਕਾਂਗਰਸੀ ਤੇ ਅਕਾਲੀ ਮਿਲ ਕੇ ਚਲਾ ਰਹੇ ਨੇ ਨਕਲੀ ਸ਼ਰਾਬ ਦਾ ਧੰਦਾ -ਵਿਧਾਇਕ ਬੈਂਸ

 

 

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਾਏ ਕਿ ਸੂਬੇ ਵਿੱਚ ਨਕਲੀ ਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਾਂਗਰਸੀ ਅਤੇ ਅਕਾਲੀ ਵਾਲੇ ਮਿਲ ਕੇ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜਦੋਂ ਸੱਤਾ ਹਾਸਲ ਕਰਨੀ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ 4 ਹਫ਼ਤਿਆਂ ’ਚ ਚਿੱਟਾ ਖ਼ਤਮ ਕਰਨ ਦੀ ਸਹੁੰ ਖਾਂਦੇ ਸਨ ਪਰ ਅੱਜ ਲੋਕ ਨਕਲੀ ਸ਼ਰਾਬ ਪੀ ਕੇ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਇਸ ਵਰਤਾਰੇ ਖ਼ਿਲਾਫ਼ ਮੁਹਿੰਮ ਵਿੱਢੇਗੀ। ਵਿਧਾਇਕ ਬੈਂਸ ਨੇ ਮੰਗ ਕੀਤੀ ਕਿ ਸਰਕਾਰ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਮਾਲੀ ਮਦਦ ਦੇਵੇ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਦੇ ਮਾਮਲੇ ’ਚ ਮੁੱਖ ਮੰਤਰੀ ਦੀ ਚੁੱਪ ਸਮਝ ਤੋਂ ਬਾਹਰ ਹੈ। ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਤਤਕਾਲੀ ਚੀਫ਼ ਸਕੱਤਰ ਖ਼ਿਲਾਫ਼ ਸ਼ਰਾਬ ਤਸਕਰੀ ਸਬੰਧੀ ਮੋਰਚਾ ਖੋਲ੍ਹਿਆ ਸੀ ਤੇ ਮੁੱਖ ਮੰਤਰੀ ਨੇ 1800 ਕਰੋੜ ਰੁਪਏ ਦੀ ਸ਼ਰਾਬ ਤਸਕਰੀ ਦੇ ਮਾਮਲੇ ’ਚ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਖੰਨਾ ’ਚ ਫੜੀ ਗਈ ਸ਼ਰਾਬ ਦੀ ਫੈਕਟਰੀ ਕਾਂਗਰਸੀ ਆਗੂ ਦੇ ਨਾਮ ’ਤੇ ਸਾਹਮਣੇ ਆਈ ਸੀ ਤੇ ਸ਼ੰਭੂ ’ਚ ਫੜੀ ਗਈ ਸ਼ਰਾਬ ਫੈਕਟਰੀ ’ਚ ਵੀ ਕਾਂਗਰਸੀ ਸਰਪੰਚ ਤੇ ਅਕਾਲੀ ਆਗੂ ਦੇ ਨਾਮ ਸਾਹਮਣੇ ਆਇਅਾ ਹੈ। ਇਸੇ ਤਰ੍ਹਾਂ ਮੁੱਲਾਂਪੁਰ ’ਚ ਫੜੀ ਗਈ ਸ਼ਰਾਬ ਦੀ ਫੈਕਟਰੀ ਮਾਮਲੇ ’ਚ ਵੀ ਇੱਕ ਵੱਡੇ ਸ਼ਰਾਬ ਵਪਾਰੀ ਦਾ ਨਾਂ ਸਾਹਮਣੇ ਆਇਆ। ਇਨ੍ਹਾਂ ਤਿੰਨੇ ਮਾਮਲਿਆਂ ’ਚ ਹਾਲੇ ਤੱਕ ਨਤੀਜਾ ਜ਼ੀਰੋ ਹੈ।