ਮਹਿਲ ਕਲਾਂ /ਬਰਨਾਲਾ-ਜੁਲਾਈ 2020 -(ਗੁਰਸੇਵਕ ਸਿੰਘ ਸੋਹੀ ) ਅੈਨ ਆਰ ਆਈ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਲੁਧਿਆਣਾ -ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਬਣੇ ਬਿਰਧਾ ਆਸ਼ਰਮ ਦਾ ਦੌਰਾ ਕਰਕੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਸ਼ਰਮਾਂ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਬਿਰਧ ਆਸ਼ਰਮ ਸੇਵਾ ਸੁਸਾਇਟੀ ਰਜਿ. ਮਹਿਲ ਕਲਾਂ ਦੇ ਮੁੱਖ ਪ੍ਰਬੰਧਕ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਐਨ ਆਰ ਆਈ ਤੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੂੰ ਆਸ਼ਰਮ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਬੁਢਾਪੇ ਦੀ ਜ਼ਿੰਦਗੀ ਹੰਢਾ ਰਹੇ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਬੁਢਾਪੇ ਦੇ ਬਜ਼ੁਰਗਾਂ ਦੀ ਸਹੂਲਤਾਂ ਨੂੰ ਮੁੱਖ ਰੱਖਦਿਆਂ ਬਿਰਧ ਆਸ਼ਰਮ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿੱਚ ਪਿੰਡਾਂ ਵਿੱਚੋਂ ਬੇਸਹਾਰਾ ਬਜ਼ੁਰਗਾਂ ਨੂੰ ਲਿਆਉਣ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਾਰੇ ਆਸ਼ਰਮ ਚੱਲ ਰਿਹਾ ਹੈ ਤੇ ਬੇਸਹਾਰਾ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਪਿੰਡਾਂ ਵਿੱਚੋਂ ਬਜ਼ੁਰਗਾਂ ਨੂੰ ਲਿਆਉਣ ਲਈ ਆਸ਼ਰਮ ਵਿੱਚ ਐਂਬੂਲੈਂਸ ਦੀ ਇੱਕ ਵੱਡੀ ਘਾਟ ਹੈ । ਇਸ ਮੌਕੇ ਮੁੱਖ ਪ੍ਰਬੰਧਕ ਭਾਈ ਲਖਵੀਰ ਸਿੰਘ ਗੰਗੋਹਰ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਅੈਨ.ਆਰ.ਆਈ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੂੰ ਬਿਰਧ ਆਸ਼ਰਮ ਵਿੱਚ ਐਂਬੂਲੈਂਸ ਗੱਡੀ ਦਾ ਪ੍ਰਬੰਧ ਕਰਨ ਲਈ ਆਪਣਾ ਇਕ ਮੰਗ ਪੱਤਰ ਦਿੱਤਾ। ਉਨ੍ਹਾਂ ਇਸ ਮੌਕੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਬਿਰਧ ਆਸ਼ਰਮ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਐਂਬੂਲੈਂਸ ਗੱਡੀ ਪਹਿਲ ਦੇ ਅਧਾਰ ਤੇ ਭੇਜੀ ਜਾਵੇਗੀ । ਇਸ ਮੌਕੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਸੁਪਨਾ ਜ਼ਿਲ੍ਹਾ ਬਰਨਾਲਾ ਅੰਦਰ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇੱਕ ਵਧੀਆ ਹਸਪਤਾਲ, ਯੂਨੀਵਰਸਿਟੀ , ਕਾਲਜ ਅਤੇ ਆਸ਼ਰਮ ਖੋਲ੍ਹਣਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਇੱਕ ਨੰਬਰ ਦਾ ਜ਼ਿਲ੍ਹਾ ਬਣਾਇਆ ਜਾਵੇਗਾ । ਇਸ ਮੌਕੇ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਸਮਾਜ ਸੇਵੀ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦਾ ਬਿਰਧ ਆਸ਼ਰਮ ਨੂੰ ਐਂਬੂਲੈਂਸ ਗੱਡੀ ਭੇਜਣ ਦੇ ਵਿਸ਼ਵਾਸ ਦਵਾਏ ਜਾਣ ਬਦਲੇ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ । ਇਸ ਮੌਕੇ ਐਡਵੋਕੇਟ ਵਿਸ਼ਾਲ ਸ਼ਰਮਾ, ਜੋਗਿੰਦਰ ਸਿੰਘ ਢਿੱਲੋਂ ,ਸੰਸਾਰ ਸਿੰਘ ਛੀਨੀਵਾਲ, ਅਜੀਤ ਸਿੰਘ ਹਰਦਾਸਪੁਰਾ ,ਡਾਕਟਰ ਗੁਰਪ੍ਰੀਤ ਸਿੰਘ ਨਾਹਰ, ਬੂਟਾ ਸਿੰਘ ਪਾਲ ਤੋਂ ਇਲਾਵਾ ਹੋਰ ਪ੍ਰਬੰਧਕ ਵੀ ਹਾਜ਼ਰ ਸਨ ।