You are here

ਆਕਸਫੋਰਡ ਯੂਨੀਵਰਸਿਟੀ ਕੁਜ ਦਿਨਾਂ ਚ ਪ੍ਰਕਾਸ਼ਿਤ ਕਰੇਗੀ ਕੋਵਿਡ-19 ਵੈਕਸੀਨ ਦਾ ਮਨੁੱਖੀ ਪ੍ਰੀਖਣ ਸਬੰਧੀ ਅੰਕੜੇ

ਮਾਨਚੈਸਟਰ, ਜੁਲਾਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਆਕਸਫੋਰਡ ਯੂਨੀਵਰਸਿਟੀ ਦੇ ਖੋਜੀਆਂ ਦਾ ਮੰਨਣਾ ਹੈ ਕਿ ਕੋਵਿਡ-19 ਦਾ ਟੀਕਾ ਵਿਕਸਤ ਕਰਨ 'ਚ ਉਨ੍ਹਾਂ ਨੂੰ ਸਫ਼ਲਤਾ ਮਿਲ ਸਕਦੀ ਹੈ। ਅਸਲ ਵਿਚ ਖੋਜੀਆਂ ਦੀ ਟੀਮ ਨੇ ਪਤਾ ਲਾਇਆ ਹੈ ਕਿ ਮਨੁੱਖ 'ਤੇ ਸ਼ੁਰੂਆਤੀ ਪੜਾਅ ਦੇ ਪ੍ਰੀਖਣਾਂ ਤੋਂ ਬਾਅਦ ਕੋਰੋਨਾ ਵਾਇਰਸ ਖ਼ਿਲਾਫ਼ ਇਹ ਟੀਕਾ ਦੋਹਰੀ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ। ਇਸ ਤੋਂ ਬਾਅਦ ਖੋਜ ਦੇ ਸਫ਼ਲ ਹੋਣ ਦੀ ਉਨ੍ਹਾਂ ਦੀ ਉਮੀਦ ਵਧ ਗਈ ਹੈ। ਦਿ ਲਾਂਸੇਟ ਮੈਡੀਕਲ ਜਰਨਲ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਆਕਸਫੋਰਡ ਟੀਮ ਦੇ ਮਨੁੱਖ 'ਤੇ ਸ਼ੁਰੂਆਤੀ ਪ੍ਰੀਖਣ ਦਾ ਅੰਕੜਾ ਪ੍ਰਕਾਸ਼ਿਤ ਕਰੇਗਾ।

ਕੋਰੋਨਾ ਖ਼ਿਲਾਫ਼ ਟੀਕਾ ਮੁਹੱਈਆ ਕਰਵਾ ਸਕਦਾ ਹੈ ਸੁਰੱਖਿਆ

ਦਿ ਡੇਲੀ ਟੈਲੀਗ੍ਰਾਫ ਨੇ ਪ੍ਰੀਖਣ ਟੀਮ ਨਾਲ ਜੁੜੇ ਇਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਬ੍ਰਿਟਿਸ਼ ਸਵੈ-ਸੇਵਕਾਂ ਦੇ ਇਕ ਸਮੂਹ ਤੋਂ ਖ਼ੂਨ ਦੇ ਨਮੂਨੇ ਲੈਣ ਮਗਰੋਂ ਉਨ੍ਹਾਂ 'ਤੇ ਟੀਕੇ ਦਾ ਪ੍ਰੀਖਣ ਕੀਤਾ ਗਿਆ। ਇਸ ਵਿਚ ਇਹ ਪਤਾ ਚੱਲਿਆ ਕਿ ਇਸ ਨੇ ਸਰੀਰ ਨੂੰ ਐਂਟੀਬਾਡੀ ਤੇ ਮਾਰਨ ਵਾਲਾ ਟੀ-ਸੈੱਲ ਦੋਵੇਂ ਬਣਾਉਣ ਲਈ ਪ੍ਰੇਰਿਤ ਕੀਤਾ। ਇਹ ਖੋਜ ਕਾਫ਼ੀ ਅਹਿਮ ਹੈ ਕਿਉਂਕਿ ਅਲੱਗ-ਅਲੱਗ ਅਧਿਐਨਾਂ 'ਚ ਇਹ ਸਾਹਮਣੇ ਆਇਆ ਕਿ ਐਂਟੀਬਾਡੀ ਕੁਝ ਹੀ ਮਹੀਨਿਆਂ 'ਚ ਖ਼ਤਮ ਹੋ ਸਕਦੀ ਹੈ ਜਦਕਿ ਟੀ-ਸੈੱਲ ਕਈ ਸਾਲ ਤਕ ਬਣੇ ਰਹਿ ਸਕਦੇ ਹਨ।

ਇੰਗਲੈਂਡ ਚ ਸਵੈ-ਸੇਵਕਾਂ ਦੇ ਇਕ ਸਮੂਹ 'ਤੇ ਕੀਤਾ ਗਿਆ ਹੈ ਪ੍ਰੀਖਣ

ਹਾਲਾਂਕਿ ਸੂਤਰ ਨੇ ਅਗਾਹ ਕੀਤਾ ਕਿ ਇਹ ਨਤੀਜੇ ਬਹੁਤ ਜ਼ਿਆਦਾ ਉਮੀਦਾਂ ਜਗਾਉਂਦੇ ਹਨ ਪਰ ਹੁਣ ਤਕ ਇਹ ਸਾਬਿਤ ਨਹੀਂ ਹੋਇਆ ਹੈ ਕਿ ਆਕਸਫੋਰਡ ਦਾ ਟੀਕਾ ਕੋਵਿਡ-19 ਖ਼ਿਲਾਫ਼ ਲੰਬੇ ਸਮੇਂ ਲਈ ਪ੍ਰਤੀਰੱਖਿਆ ਉਪਲਬਧ ਕਰਵਾਉਂਦਾ ਹੈ ਜਾਂ ਨਹੀਂ। ਸੂਤਰ ਨੇ ਕਿਹਾ, ਮੈਂ ਤੁਹਾਨੂੰ ਕਹਿ ਸਕਦਾ ਹਾਂ ਕਿ ਆਕਸਫੋਰਡ ਦੇ ਟੀਕਿਆਂ 'ਚ ਦੋਵੇਂ ਆਧਾਰ ਹਨ। ਇਹ ਸਰੀਰ 'ਚ ਟੀ-ਸੈੱਲ ਤੇ ਐਂਟੀਬਾਡੀ ਦੋਵੇਂ ਬਣਾਉਂਦਾ ਹੈ। ਇਨ੍ਹਾਂ ਦੋਵਾਂ ਦਾ ਇਕੱਠੇ ਹੋਣਾ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਜਗਾਉਂਦਾ ਹੈ।

ਇਹ ਇਕ ਅਹਿਮ ਪਲ਼ ਹੈ ਪਰ ਅਸੀਂ ਹਾਲੇ ਲੰਬਾ ਸਫ਼ਰ ਤੈਅ ਕਰਨਾ ਹੈ। ਰਿਸਰਚ ਟੀਮ ਨਾਲ ਜੁੜੇ ਇਕ ਹੋਰ ਸੂਤਰ ਨੇ ਕਿਹਾ ਕਿ ਐਂਟੀਬਾਡੀ ਤੇ ਟੀ-ਸੈੱਲ, ਦੋਵਾਂ ਦੀ ਮੌਜੂਦਗੀ ਕੋਵਿਡ-19 ਖ਼ਿਲਾਫ਼ ਦੋਹਰੀ ਸੁਰੱਖਿਆ ਹੈ। ਦਿ ਲਾਂਸੇਟ ਮੈਡੀਕਲ ਜਰਨਲ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਆਕਸਫੋਰਡ ਟੀਮ ਦੇ ਮਨੁੱਖ 'ਤੇ ਸ਼ੁਰੂਆਤੀ ਪ੍ਰੀਖਣ ਦਾ ਅੰਕੜਾ ਪ੍ਰਕਾਸ਼ਿਤ ਕਰੇਗਾ।