ਪੰਜਾਬ ਪੁਲਿਸ ਨੇ ਲੋਕਾਂ ਨੂੰ 'ਟਿਕ ਟਾਕ ਪ੍ਰੋ' ਐਪ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ

ਚੰਡੀਗੜ੍ਹ ,ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਪੁਲਿਸ ਨੇ ਲੋਕਾਂ ਨੂੰ 'ਟਿਕ ਟਾਕ ਪ੍ਰੋ' ਐਪ ਨੂੰ ਡਾਊਨਲੋਡ ਨਾ ਕਰਨ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਹਾਲ ਹੀ 'ਚ ਭਾਰਤ 'ਚ ਬੈਨ ਕੀਤੇ ਜਾ ਚੁੱਕੇ ਚਾਈਨੀਜ਼ ਐਪ 'ਟਿਕ ਟਾਕ' ਦਾ ਨਵਾਂ ਵਰਜਨ ਦੱਸ ਕੇ ਪ੍ਰਚਾਰਿਆ ਜਾ ਰਿਹਾ ਇਹ ਐਪ ਲੋਕਾਂ ਦੇ ਬੈਂਕ ਬੈਲੇਂਸ 'ਚ ਸੰਨ੍ਹ ਲਾ ਸਕਦਾ ਹੈ ਜਾਂ ਫਿਰ ਕਿਸੇ ਦੂਜੀ ਤਰ੍ਹਾਂ ਨਾਲ ਵਿੱਤੀ ਨੁਕਸਾਨ ਪਹੁੰਚਾ ਸਕਦਾ ਹੈ। ਭਾਰਤ ਨੇ ਕੁਝ ਦਿਨ ਪਹਿਲਾਂ 'ਟਿਕ ਟਾਕ' ਸਮੇਤ 59 ਚਾਈਨੀਜ਼ ਐਪਲੀਕੇਸ਼ਨਜ਼ ਬੈਨ ਕਰ ਦਿੱਤੀਆਂ ਸਨ। ਹੁਣ ਸਾਈਬਰ ਠੱਗ ਲੋਕਾਂ ਨੂੰ ਆਨ ਲਾਈਨ ਸੰਦੇਸ਼ ਭੇਜ ਕੇ ਕਹਿ ਰਹੇ ਹਨ ਕਿ 'ਟਿਕ ਟਾਕ ਪ੍ਰਰੋ' ਨਾਂ ਤੋਂ ਇਹ ਐਪ ਦੁਬਾਰਾ ਉਪਲਬਧ ਹੋ ਚੁੱਕਾ ਹੈ। ਇਸ ਮੈਸੇਜ ਨਾਲ ਯੂਆਰਐੱਲ ਵੀ ਭੇਜਿਆ ਜਾ ਰਿਹਾ ਹੈ। ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਲੋਕ ਅਜਿਹੀ ਕਿਸੇ ਵੀ ਐਪਲੀਕੇਸ਼ਨ ਨੂੰ ਡਾਊਨਲੋਡ ਨਾ ਕਰਨ। ਸੈੱਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਐਪ ਦਾ ਗੂਗਲ ਪਲੇਅ ਸਟੋਰ ਤੇ ਐਪ ਸਟੋਰ 'ਤੇ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਐਪ ਫਰਜ਼ੀ ਹੈ।