ਸਰਕਾਰੀ ਹਦਾਇਤਾਂ ਦੀ ਉਲੰਘਣਾ ਲਈ 27700 ਲੋਕਾਂ ਦੇ 1.14 ਕਰੋੜ ਰੁਪਏ ਦੇ ਹੋਏ ਚਾਲਾਨ

ਬਿਨ੍ਹਾਂ ਮਾਸਕ ਤੋਂ ਬਾਹਰ ਆਉਣ, ਸਮਾਜਿਕ ਦੂਰੀ ਨਾ ਬਨਾਉਣ, ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਦੇ ਕੱਟੇ ਜਾ ਰਹੇ ਚਲਾਨ

ਲੁਧਿਆਣਾ, ਜੁਲਾਈ ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਲਈ ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਅਜਿਹੀਆਂ ਉਲੰਘਣਾਵਾਂ ਕਰਨ 'ਤੇ ਹੁਣ ਤੱਕ ਇੱਕ ਕਰੋੜ ਤੋਂ ਵਧੇਰੀ ਜ਼ੁਰਮਾਨਾ ਰਾਸ਼ੀ ਦੇ ਚਾਲਾਨ ਕੱਟੇ ਜਾ ਚੁੱਕੇ ਹਨ। ਇਸ ਸਬੰਧੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾਂ ਲਈ 27 ਹਜ਼ਾਰ 700 ਲੋਕਾਂ ਦੇ 1.14 ਕਰੋੜ ਰੁਪਏ ਦੇ ਚਾਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਮਾਸਕ ਨਾ ਪਹਿਨਣ 'ਤੇ 25419 ਚਾਲਾਨ ਕਰਕੇ 1 ਕਰੋੜ 11 ਲੱਖ 96 ਸੋਂ ਰੁਪਏ ਦੇ ਜੁਰਮਾਨੇ ਕੀਤੇ ਗਏ। ਇਸੇ ਤਰ੍ਹਾਂ 8 ਵਿਅਕਤੀ ਇਕਾਂਤਵਾਸ ਦੀ ਉਲੰਘਣਾਂ ਕਰਨ ਦੇ ਦੋਸ਼ੀ ਪਾਏ ਗਏ, ਜਿਨ੍ਹਾਂ ਨੂੰ 11 ਹਜ਼ਾਰ 500 ਰੁਪਏ ਦੇ ਜੁ਼ਰਮਾਨੇ ਕੀਤੇ ਗਏ। ਇਸੇ ਤਰ੍ਹਾਂ ਜਨਤਕ ਥਾਵਾਂ 'ਤੇ ਥੁੱਕਣ ਦੇ ਦੋਸ਼ ਵਿੱਚ 2195 ਚਾਲਾਨ ਕਰਕੇ 2 ਲੱਖ 25 ਹਜ਼ਾਰ 700 ਰੁਪਏ ਦੇ ਜ਼ੁਰਮਾਨੇ ਕੀਤੇ ਗਏ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ 78 ਵਿਅਕਤੀਆਂ ਦੇ ਚਾਲਾਨ ਕਰਕੇ 1 ਲੱਖ 37 ਹਜ਼ਾਰ ਰੁਪਏ ਦੇ ਜੁ਼ਰਮਾਨੇ ਕੀਤੇ ਗਏ। ਪੁਲਿਸ ਕਮਿਸ਼ਨਰ ਨੇ ਸ਼ਹਿਰ ਵਿੱਚ ਵੱਧ ਰਹੇ ਪੋਜ਼ਟਿਵ ਮਾਮਲਿਆਂ ਸਬੰਧੀ ਇਹ ਸਖ਼ਤ ਹਿਦਾਇਤ ਕੀਤੀ ਕਿ ਜਰੂਰੀ ਵਸਤਾਂ ਲੈਣ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਿਨਾਂ ਮਾਸਕ ਪਹਿਨੇ ਬਾਹਰ ਨਿਕਲਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ  ਨੂੰ ਕੋਵਿਡ-19 ਸਬੰਧੀ ਜਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕਰਨ ਦੀਆਂ ਸਖ਼ਤ ਹਦਾਇਤਾ ਕੀਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਰਾਹਤ ਮੁਹੱਈਆ ਕਰਵਾਈ ਗਈ ਅਤੇ ਬਿਨਾਂ ਵਜ੍ਹਾ ਬਾਹਰ ਨਾ ਨਿਕਲਿਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਚਾਲਾਨ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ-ਰਜਿਸਟਰਾਰ, ਪੁਲਿਸ ਅਧਿਕਾਰੀ ਜਾਂ ਗਜ਼ਟਿਡ ਅਧਿਕਾਰੀਆਂ ਵੱਲੋਂ ਕੱਟੇ ਜਾ ਸਕਦੇ ਹਨ। ਚਾਲਾਨ ਦੌਰਾਨ ਜੋ ਜੁਰਮਾਨਾ ਰਾਸ਼ੀ ਇਕੱਤਰ ਹੁੰਦੀ ਹੈ, ਉਹ ਸਿਵਲ ਸਰਜਨ ਦਫ਼ਤਰ ਲੁਧਿਆਣਾ ਵਿਖੇ ਜਮ੍ਹਾਂ ਕਰਵਾਈ ਜਾਂਦੀ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਧਾਰਾ 144 ਲਾਗੂ ਹੋਣ ਕਰਕੇ ਇਸ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।