ਪਰਮਿੰਦਰ ਢੀਂਡਸਾ ਵੱਲੋਂ ਤੀਸਰਾ ਫਰੰਟ ਉਸਾਰਨ ਲਈ ਲਾਮਬੰਦੀ

 

ਸੰਗਰੂਰ, ਜੁਲਾਈ 2020 -(ਰਾਣਾ ਸੇਖਦੌਲਤ/ਮਨਜਿੰਦਰ ਗਿੱਲ)-

ਸਾਬਕਾ ਵਿੱਤ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਲੁਕਵੀਂ ਸਾਂਝ ਪੰਜਾਬ ਲਈ ਬੇਹਦ ਖਤਰਨਾਕ ਹੈ ਜਿਸ ਕਰਕੇ ਪੰਜਾਬ ਹਿਤੈਸ਼ੀ ਆਗੂਆਂ ਨੂੰ ਤੀਸਰਾ ਫਰੰਟ ਉਸਾਰਨ ਲਈ ਜ਼ਿੰਮੇਵਾਰੀ ਨਿਭਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਇਥੇ ਆਪਣੀ ਰਿਹਾਇਸ਼ ’ਤੇ ਸੁਨਾਮ ਹਲਕੇ ਨਾਲ ਸਬੰਧਤ ਸਮੱਰਥਕਾਂ ਨਾਲ ਮੀਟਿੰਗ ਵੀ ਕੀਤੀ।

ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਲੋਕ ਤੀਸਰਾ ਫਰੰਟ ਚਾਹੁੰਦੇ ਹਨ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀਆਂ ਆਪਹੁਦਰੀਆਂ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਢੀਂਡਸਾ ਪਰਿਵਾਰ ਦਾ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਕਿਉਂਕਿ ਬਾਦਲ ਦੀ ਸੋਚ ਹੀ ਅਕਾਲੀ ਦਲ ਨੂੰ ਸਿਧਾਂਤਕ ਤੌਰ ’ਤੇ ਕਮਜ਼ੋਰ ਕਰਨ ਦੀ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਕੰਪਨੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿੱਖ ਕੌਮ ਤੇ ਪੰਜਾਬ ਦੇ ਹਿੱਤਾਂ ਲਈ ਲਾਏ ਮੋਰਚਿਆਂ ਨੂੰ ਵੀ ਰੋਲ ਦਿੱਤਾ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ, ਅਮਨਵੀਰ ਸਿੰਘ ਚੈਰੀ, ਸਰਕਲ ਪ੍ਰਧਾਨ ਗੁਰਚਰਨ ਸਿੰਘ ਧਾਲੀਵਾਲ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਨਰਿੰਦਰ ਸਿੰਘ ਬਹਾਦਰਪੁਰ, ਚਮਕੌਰ ਸਿੰਘ ਮੋਰਾਂਵਾਲੀ, ਰੂਪ ਸਿੰਘ ਸ਼ੇਰੋਂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੌਰ, ਗੁਰਚਰਨ ਸਿੰਘ ਸਮਾਘ, ਸੁਖਦੇਵ ਸਿੰਘ ਸ਼ੇਰੋ, ਚਮਕੌਰ ਸਿੰਘ ਬਖੋਰਾ, ਜਸਵਿੰਦਰ ਸਿੰਘ ਬਖੋਰਾ, ਹਰੀ ਸਿੰਘ ਸ਼ਾਹਪੁਰ, ਮਨਿੰਦਰ ਸਿੰਘ ਲਖਮੀਰਵਾਲਾ, ਯਾਦਵਿੰਦਰ ਸਿੰਘ ਐਮਸੀ, ਬਾਵਾ ਐਮਸੀ, ਚਰਨਾ ਸਿੰਘ ਐਮਸੀ, ਦੀਪ ਸਿੰਘ ਬਡਰੁੱਖਾਂ ਸ਼ਾਮਲ ਹੋਏ।