29 ਦੇ ਬਰਨਾਲਾ ਧਰਨੇ ਦੀਆਂ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ-.ਬੀਬੀ ਘਨੌਰੀ 

ਬੀਬੀ ਘਨੌਰੀ ਨੇ ਸਰਪੰਚ ਤੋਤੀ ਤੇ ਕੀਤੇ ਝੂਠੇ ਪਰਚੇ ਕਰਨ ਦੀ ਕੀਤੀ ਨਿਖੇਧੀ ।                                                                                       

ਮਹਿਲ ਕਲਾਂ / ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ) -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਾਈਕਮਾਨ ਦੇ ਸੱਦੇ ਉੱਪਰ  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਅਤੇ ਕਿਸਾਨ ਵਿਰੋਧੀ ਤਿੰਨ ਆਰਡੀਨੈੱਸ ਦੇ ਖਿਲਾਫ 29 ਜੂਨ ਨੂੰ ਰਾਜ ਭਰ ਦੇ ਜ਼ਿਲ੍ਹਾ ਹੈੱਡਕੁਆਟਰ ਤੇ ਧਰਨੇ ਦੇਣ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ 29 ਜੂਨ ਨੂੰ ਜ਼ਿਲ੍ਹਾ ਬਰਨਾਲਾ ਦੇ ਹੈੱਡ ਕੁਅਾਟਰ ਤੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਧਰਨੇ ਵਿੱਚ ਹਲਕੇ ਵਿੱਚੋਂ ਪਾਰਟੀ ਵਰਕਰ ਅਤੇ ਆਗੂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ। ਇਹ ਵਿਚਾਰ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਵਿੱਚ ਕਾਂਗਰਸ ਦੀਆਂ ਸਰਕਾਰਾਂ ਸਮੇਂ ਹੀ ਪਿੰਡਾਂ ਅਤੇ ਸ਼ਹਿਰਾਂ ਦਾ ਵੱਡੀ ਪੱਧਰ ਤੇ ਵਿਕਾਸ ਹੋਇਆ ਅਕਾਲੀ ਭਾਜਪਾ ਸਰਕਾਰਾਂ ਨੇ ਕਦੇ ਵੀ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਕੋਈ ਸਾਰ ਨਹੀ ਲਈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਾਗੂ ਕਰਕੇ ਕਿਸਾਨ ਵਿਰੋਧੀ ਲਏ ਜਾ ਰਹੇ ਫ਼ੈਸਲਿਆਂ ਖਿਲਾਫ ਬੋਲਣ ਦੀ ਬਜਾਏ ਬਾਦਲਾਂ ਨੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ, ਕਿਉਂਕਿ ਬਾਦਲਾਂ ਨੂੰ ਕਿਸਾਨਾਂ ਦੇ ਹਿੱਤਾਂ ਦੀ ਬਜਾਏ ਕੇਂਦਰੀ ਵਜ਼ਾਰਤ ਦੀ ਕੁਰਸੀ ਵੱਧ ਪਿਆਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸੱਚ ਮੁੱਚ ਹੀ ਕਿਸਾਨ ਹਿਤੈਸ਼ੀ ਅਖਵਾਉਂਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਵਿੱਚ ਆਪਣੇ ਭਾਈਵਾਲਾ ਦੀ ਸਰਕਾਰ ਤੋਂ ਆਪਣੀ ਨੂੰਹ ਦਾ ਅਸਤੀਫਾ ਦਿਵਾ ਕੇ ਸਰਕਾਰ ਤੋਂ ਬਾਹਰ ਆ ਕੇ ਕਿਸਾਨਾਂ ਨਾਲ ਖੜ੍ਹਨਾ ਚਾਹੀਦਾ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਇੱਕ ਕਿਸਾਨ ਹਿਤੈਸੀ ਹੈ, ਜਿਸ ਨੇ ਸੱਤਾ ਸੰਭਾਲਦਿਆਂ ਹੀ ਕਿਸਾਨਾਂ ਸਿਰ ਚੜ੍ਹਿਆ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਕੇ ਕਿਸਾਨਾਂ ਨਾਲ ਖੜ੍ਹਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ  ਕਰਕੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਦੇ ਲੋਕਾਂ ਉੱਪਰ ਵਾਧੂ ਬੋਝ ਪਾ ਕੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਛੇਤੀ ਹੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਕਾਸ ਕਾਰਜਾਂ ਲਈ 25 ਕਰੋੜ ਦੀ ਰਾਸ਼ੀ ਮਨਜ਼ੂਰ ਕਰਕੇ ਭੇਜੀ ਜਾ ਰਹੀ ਹੈ, ਜਿਸ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਨੂੰ ਗਰਾਂਟਾਂ ਦੇ ਰੂਪ ਵਿੱਚ ਵੰਡ ਕੇ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ । ਉਨ੍ਹਾਂ ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ ਤੇ ਦਰਜ ਕੀਤੇ ਪਰਚੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੁਝ ਲੋਕਾਂ ਵੱਲੋਂ ਸਰਪੰਚ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਹਾਜ਼ਮ ਨਹੀਂ ਹੋ ਰਹੇ ਜਿਸ ਕਰਕੇ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ।  ਉਨ੍ਹਾਂ ਇਸ ਮੌਕੇ ਹਲਕੇ ਦੇ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਹੈੱਡਕੁਆਟਰ ਬਰਨਾਲਾ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਬਲਾਕ ਕਾਂਗਰਸ ਦੀ ਪ੍ਰਧਾਨ ਤੇਜਪਾਲ ਸੱਦੋਵਾਲ , ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ ,ਪੰਚ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ , ਰਜਿੰਦਰ ਸਿੰਘ ਰਾਜੂ ਠੀਕਰੀਵਾਲ, ਬਲਵੰਤ ਸ਼ਰਮਾ ਹਮੀਦੀ, ਜਸਵਿੰਦਰ ਸਿੰਘ ਜੱਸੀ ਠੁੱਲੀਵਾਲ, ਨੰਬਰਦਾਰ ਮਨਜਿੰਦਰ ਸਿੰਘ ਬਿੱਟੂ ਮਨਾਲ, ਚਰੰਜੀ ਲਾਲ ਮਾਂਗੇਵਾਲ, ਗੁਰਜੀਤ ਸਿੰਘ ਠੁੱਲੀਵਾਲ, ਬਲਾਕ ਸੰਮਤੀ ਮੈਂਬਰਾਂ ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਜੋਰਾ ਸਿੰਘ ਠੁੱਲੀਵਾਲ, ਯੂਥ ਆਗੂ ਰਾਜਬੀਰ ਸਿੰਘ ਰਾਣੂ ਆਦਿ ਵੀ ਹਾਜ਼ਰ ਸਨ।