2020 ਦਾ ਲੇਖਾ ਜੋਖਾ ✍️ ਅਰਵਿੰਦਰ ਸਿੰਘ, ਜਗਰਾੳਂ

ਆਮ ਤੌਰ ਤੇ ਕਿਸੇ ਸਾਲ ਦਾ ਲੇਖਾ ਜੋਖਾ ਉਸ ਸਾਲ ਦੇ ਅੰਤ ਤੇ ਹੀ ਕੀਤਾ ਜਾਂਦਾ ਹੈ ਪਰ ਇਸ ਸਾਲ ਵਿਚ ਚਲਦੀ
ਕੋਰੋਨਾ ਮਹਾਂਮਾਰੀ ਕਾਰਨ 2020 ਦਾ ਲੇਖਾ ਜੋਖਾ ਸਾਲ ਦੀ ਪਹਿਲੀ ਛਿਮਾਹੀ ਬੀਤਣ ਤੇ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ ।
ਉਂਝ ਤਾਂ ਇਸ ਤੋਂ ਪਹਿਲਾਂ ਵੀ ਸਾਲ 1720 ਵਿਚ ਪਲੇਗ, 1820 ਵਿਚ ਹੈਜਾ ਅਤੇ 1920 ਵਿਚ ਸਪੈਨਿਸ਼ ਫਲੂ ਵਰਗੀਆਂ
ਮਹਾਂਮਾਰੀਆਂ ਆਈਆਂ ਸਨ ਜਿਸ ਵਿਚ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਪਰ ਉਸ ਸਮੇਂ ਵਿਿਗਆਨ
ਨੇਂ ਐਨੀਂ ਤਰੱਕੀ ਨਹੀਂ ਕੀਤੀ ਸੀ । ਹੁਣ ਜਦਕਿ ਵਿਿਗਆਨ ਨੇਂ ਲੱਗਪਗ ਹਰੇਕ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ ਅਤੇ ਕਈ ਦੇਸ਼ਾਂ
ਵੱਲੋਂ ਕੋਰੋਨਾਂ ਦੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਪਰ ਆਮ ਜਨਤਾ ਨੂੰ ਇਸਦੇ ਉਪਲੱਬਧ ਹੋਣ ਲਈ
ਹਾਲੇ ਦਸੰਬਰ 2020 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ।
ਭਾਵੇਂ ਇਸ ਮਹਾਂਮਾਰੀ ਨੇਂ ਸਾਲ ਦੇ ਆਰੰਭ ਵਿਚ ਹੀ ਦੇਸ਼ ਵਿਚ ਦਸਤਕ ਦੇ ਦਿੱਤੀ ਸੀ ਪਰ ਪੰਜਾਬ ਵਿਚ 20 ਮਾਰਚ
ਨੂੰ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜੋ ਕਿ ਹਾਲੇ ਤੱਕ ਵੀ ਸੁੰਨੇਂ ਪਏ ਨੰਨੇ੍ਹ ਮੁੰਨੇਂ
ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਇਹਨਾਂ ਸਕੂਲਾਂ ਦੇ ਵਿਹੜਿਆਂ ਵਿਚ ਫਿਰ ਤੋਂ ਰੌਣਕ ਪਰਤੇਗੀ । ਇਤਫਾਕੀਆ ਹੀ
ਕਹਿ ਲਓ ਕਿ ਇਸ ਸਾਲ ਨਾਲ 20 ਅੰਕ ਦਾ ਰਿਸ਼ਤਾ ਇਸ ਕਦਰ ਜੁੜਿਆ ਹੈ ਕਿ ਇਸ ਸਾਲ ਨੂੰ ਅਸੀਂ ਰਹਿੰਦੀ ਜ਼ਿੰਦਗੀ ਕਦੀ ਵੀ ਭੁਲਾ
ਨਹੀੰ ਸਕਾਂਗੇ। ਸਿਹਤ ਵਿਭਾਗ ਨਾਲ ਸਬੰਧਤ ਮਹਿਰ ਹਾਲੇ ਤੱਕ ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਆਸਾਨ ਨੁਸਖਾ ਇਹੀ ਦੱਸ
ਰਹੇ ਹਨ ਕਿ ਹਰੇਕ 20 ਮਿਨਟ ਤੋਂ ਬਾਅਦ 20 ਸੈਕੰਡ ਲਈ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ੍ਹ ਮਲਮਲ ਕੇ ਹੱਥ ਧੋਣੇ ਚਾਹੀਦੇ
ਹਨ ਅਤੇ ਜਿਆਦਾ ਸਮਾਂ ਘਰ ਵਿਚ ਰਹਿ ਕੇ ਹੀ ਗੁਜ਼ਾਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ ।
ਸਾਲ 2020 ਵਿਚ ਅਸੀਂ ਇਸ ਮਹਾਂਮਾਰੀ ਨਾਲ ਜੂਝ ਹੀ ਰਹੇ ਸੀ ਕਿ ਬੀਤੀ 20 ਮਈ ਨੂੰ ਅਮਫਾਨ ਨਾਂ ਦੇ ਤੂਫਾਨ ਨੇ
ਬੰਗਾਲ ਅਤੇ ਉੜੀਸਾ ਦੇ ਤੱਟਾਂ ਤੇ ਆਣ ਦਸਤਕ ਦੇ ਦਿੱਤੀ । ਤੇਜ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਸੈਂਕੜੇ ਵਿਅਕਤੀਆਂ
ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਵੀ ਸਾਨੂੰ ਝੱਲਣਾ ਪਿਆ । ਹੁਣ ਜਦੋਂ
ਕਿ ਸਰਕਾਰ ਨੇਂ ਪੜਾਅਵਾਰ ਢੰਗ ਨਾਲ ਤਾਲਾਬੰਦੀ ਖੋਲ੍ਹ ਦਿੱਤੀ ਹੈ ਅਤੇ ਅਨਲਾੱਕ ਦੇ ਸਮੇਂ ਵਿਚ ਬੱਸ ਵਿਚ 20 ਸਵਾਰੀਆਂ
ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ । ਇਸ ਤੋਂ ਇਲਾਵਾ ਕਿਸੇ ਮਿਤ੍ਰਕ ਦੇ ਸਸਕਾਰ ਤੇ ਭੋਗ ਤੇ ਵੀ ਕੇਵਲ 20 ਵਿਅਕਤੀਆਂ ਦੇ ਇਕੱਠ
ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਵਿਆਹ ਸ਼ਾਦੀ ਵਿਚ ਵੀ 20 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਸੀ ਜੋ
ਕਿ ਬਾਅਦ ਵਿਚ 50 ਵਿਅਕਤੀਆਂ ਤੱਕ ਸੀਮਤ ਕਰ ਦਿੱਤੀ ਗਈ ਪਰ ਇਸ ਸੱਚ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਕਿਸੇ ਵਿਅਕਤੀ ਦੀ
ਮੌਤ ਤੇ 20 ਤੋਂ ਜਿਆਦਾ ਵਿਅਕਤੀਆਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਕਿਸੇ ਵੀ ਵਿਆਹ ਸ਼ਾਦੀ ਵਿਚ 20 ਤੋਂ ਜਿਆਦਾ
ਵਿਅਕਤੀਆਂ ਨੂੰ ਖੁਸ਼ੀ ਨਹੀਂ ਹੁੰਦੀ ਅਤੇ ਬਾਕੀ ਲੋਕ ਤਾਂ ਵਿਖਾਵਾ ਕਰਨ ਤੇ ਖਾਣ ਪੀਣ ਲਈ ਹੀ ਅਜਿਹੇ ਸਮਾਗਮਾਂ ਤੇ
ਆਪਣੀ ਹਾਜਰੀ ਲਵਾਉਂਦੇ ਹਨ। ਕਿੰਨਾਂ ਚੰਗਾ ਹੋਵੇ ਜੇਕਰ ਸਰਕਾਰ ਅਜਿਹੇ ਸਮਾਗਮਾਂ ਤੇ ਹਮੇਸ਼ਾਂ ਲਈ ਹੀ 20 ਤੋਂ ਵੱਧ
ਵਿਅਕਤੀਆਂ ਦੇ ਇਕੱਠ ਤੇ ਹਮੇਸ਼ਾਂ ਲਈ ਪਾਬੰਦੀ ਲਗਾ ਦੇਵੇ । ਇਸ ਨਾਲ ਸਾਡੇ ਵਿਚੋਂ ਕਈ ਲੋਕ ਫੋਕੀ ਸ਼ਾਨ ਲਈ ਕੀਤੇ ਗਏ
ਇਕੱਠਾਂ ਲਈ ਚੁੱਕੇ ਗਏ ਕਰਜੇ ਦੇ ਬੋਝ ਹੇਠ ਆਉਣੋਂ ਬਚ ਜਾਣਗੇ ਅਤੇ ਕਰਜੇ ਨਾਂ ਚੁਕਤਾ ਕਰ ਸਕਣ ਕਰ ਕੇ ਕੀਤੀਆਂ ਜਾਣ
ਵਾਲੀਆਂ ਖੁਦਕੁਸ਼ੀਆਂ ਦੇ ਰੁਝਾਨ ਵਿਚ ਵੀ ਬਹੁਤ ਹੱਦ ਤੱਕ ਕਮੀ ਆਵੇਗੀ ।
ਖੇਡ ਪ੍ਰੇਮੀਆਂ ਲਈ ਵੀ ਇਹ ਸਾਲ ਨਿਰਾਸ਼ਾ ਜਨਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸਾਲ ਆਯੋਜਿਤ ਕੀਤੇ ਜਾਣ ਵਾਲੇ
ਕ੍ਰਿਕਟ 20-20 ਕੱਪ ਨੂੰ ਅਤੇ ਯੂਰੋ 2020 ਫੁੱਟਬਾਲ ਕੱਪ ਨੂੰ ਮਹਾਂਮਾਰੀ ਦੇ ਚੱਲਦੇ ਹੋਏ ਅਣਮਿੱਥੇ ਸਮੇਂ ਲਈ ਟਾਲਣਾ
ਪੈ ਗਿਆ ਹੈ । ਹੋਰ ਤਾਂ ਹੋਰ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਆਯੋਜਨ ਤੇ ਟਲਣ ਦੇ ਚਰਚੇ ਹਨ।
ਭਾਵੇਂ ਸਾਡੀ ਸਰਕਾਰ ਨੇਂ ਮਹਾਂਮਾਰੀ ਤੋਂ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਮੁੜ ਤੋਂ ਲੀਹੇ ਪਾਉਣ ਲਈ 20
ਲੱਖ ਕਰੋੜ ਦਾ ਪੈਕੇਜ ਐਲਾਨਿਆਂ ਹੈ ਪਰ ਆਰਥਿਕ ਮਾਹਰ ਇਸ ਨੂੰ ਆਮ ਜਨਤਾ ਲਈ 420 ਮਤਲਬ ਧੋਖਾ ਹੀ ਕਰਾਰ ਦੇ ਰਹੇ
ਹਨ ਕਿਉਂਕਿ ਇਸ ਪੈਕੇਜ ਦਾ ਬਹੁਤਾ ਹਿੱਸਾ ਰਾਹਤ ਨਹੀਂ ਸਗੋਂ ਕਰਜੇ ਦੇ ਰੂਪ ਵਿਚ ਵੰਡਿਆ ਜਾਣਾ ਹੈ । ਸੋ ਉਪਰੋਕਤ ਸਾਰੇ
ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਸਾਲ 2020 ਨੂੰ ਖਾਣ ਕਮਾਉਣ ਲਈ ਨਹੀਂ, ਸਿਰਫ ਜਿੰਦਾ
ਰਹਿਣ ਲਈ ਹੀ ਵਰਤਦੇ ਹੋਏ ਇਸਦੀਆਂ ਕੌੜੀਆਂ ਯਾਦਾਂ ਨੂੰ ਸਾਨੂੰ ਜੀਵਨ ਵਿਚੋਂ ਮਨਫੀ ਕਰਨਾਂ ਹੋਵੇਗਾ ।

(ਅਰਵਿੰਦਰ ਸਿੰਘ, ਜਗਰਾੳਂ-9417985058)